ਮੋਹਾਲੀ ''ਚ ਮਾਸਕ ਨਾ ਪਾਉਣ ''ਤੇ ਕੱਟੇ ਗਏ 366 ਚਲਾਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

Saturday, Apr 17, 2021 - 04:34 PM (IST)

ਮੋਹਾਲੀ ''ਚ ਮਾਸਕ ਨਾ ਪਾਉਣ ''ਤੇ ਕੱਟੇ ਗਏ 366 ਚਲਾਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਮੋਹਾਲੀ (ਪਰਦੀਪ) : ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਨੇ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪਿਛਲੇ 24 ਘੰਟਿਆਂ ਦੌਰਾਨ ਮਾਸਕ ਨਾ ਪਾਉਣ ਸਬੰਧੀ 366 ਚਲਾਨ ਕੱਟੇ। ਇਸ ਦੇ ਨਾਲ ਹੀ ਰਾਤ ਦੇ ਕਰਫ਼ਿਊ ਦੀ ਉਲੰਘਣਾ ਸਬੰਧੀ ਜਿੱਥੇ 15 ਐਫ. ਆਈ. ਆਰਜ਼. ਦਰਜ ਕੀਤੀਆਂ ਗਈਆਂ, ਉੱਥੇ ਹੀ 66 ਵਾਹਨ ਜ਼ਬਤ ਵੀ ਕੀਤੇ ਗਏ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਕੋਰੋਨਾ ਸਬੰਧੀ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁੱਲ ਬਖ਼ਸ਼ਿਆ ਨਹੀਂ ਜਾਵੇਗਾ ਪੁਲਸ ਦੀਆਂ ਟੀਮਾਂ ਵੱਲੋਂ ਵੱਖ-ਥਾਵਾਂ 'ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਜਿਹੜੇ ਲੋਕਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਇਕਾਂਤਵਾਸ ਕੀਤਾ ਗਿਆ ਹੈ, ਉਨ੍ਹਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। 

ਤੈਅ ਗਿਣਤੀ ਤੋਂ ਵੱਧ ਲੋਕ ਇਕੱਠੇ ਹੋਣ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਹਾਲ ਜਾਂ ਹੋਟਲ ਜਿੱਥੇ ਤੈਅ ਗਿਣਤੀ ਤੋਂ ਵੱਧ ਲੋਕ ਇਕੱਠੇ ਹੋਣਗੇ, ਉਨ੍ਹਾਂ ਲੋਕਾਂ ਦੇ ਨਾਲ-ਨਾਲ ਹੋਟਲ ਜਾਂ ਹਾਲ ਦੇ ਮਾਲਕ ਖ਼ਿਲਾਫ਼ ਵੀ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ। ਸਮੂਹ ਜ਼ਿਲ੍ਹਾ ਵਾਸੀ ਇਸ ਗੱਲ ਵੱਲ ਧਿਆਨ ਦੇਣ ਕਿ ਇਹ ਪਾਬੰਦੀਆਂ ਲੋਕਾਂ ਦੀ ਭਲਾਈ ਲਈ ਹੀ ਹਨ।

ਇਨ੍ਹਾਂ ਦੀ ਪਾਲਣਾ ਕਰ ਕੇ ਕੋਰੋਨਾ ਨੂੰ ਮਾਤ ਦੇਣ ਵਿੱਚ ਪੰਜਾਬ ਸਰਕਾਰ ਨੂੰ ਸਹਿਯੋਗ ਦਿੱਤਾ ਜਾਵੇ। ਇਨ੍ਹਾਂ ਦੇ ਨਾਲ-ਨਾਲ ਇੱਕ ਚੀਜ਼ ਜਿਹੜੀ ਸਭ ਤੋਂ ਅਹਿਮ ਹੈ, ਉਹ ਹੈ ਕੋਵਿਡ ਵੈਕਸੀਨੇਸ਼ਨ। ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ 'ਤੇ ਵੈਕਸੀਨੇਸ਼ਨ ਜੰਗੀ ਪੱਧਰ 'ਤੇ ਜਾਰੀ ਹੈ। 
 


author

Babita

Content Editor

Related News