''ਕਦ ਛੁੱਟੀ ਲੈ ਕੇ ਆਵੇਗਾ ਵੇ ਜੱਸੀ'' ਬੋਲਾਂ ਨਾਲ ਗੂੰਜ ਰਿਹਾ ਮੋਗਾ: ਅੱਜ ਪਿੰਡ ਪਹੁੰਚੇਗੀ ਸ਼ਹੀਦ ਜਸਪ੍ਰੀਤ ਦੀ ਮ੍ਰਿਤਕ ਦੇਹ (ਦੇਖੋ ਤਸਵੀਰਾਂ)

07/19/2017 12:59:57 PM

ਮੋਗਾ— 'ਕਦ ਛੁੱਟੀ ਲੈ ਕੇ ਆਵੇਗਾ ਵੇ ਜੱਸੀ' ਇਹ ਬੋਲ ਅੱਜ ਮੋਗਾ ਦਾ ਪਿੰਡ ਤਲਵੰਡੀ ਮੱਲੀਆ ਦੇ ਆਸਮਾਨ ਤੱਕ ਗੂੰਜ ਰਹੇ ਹਨ। ਇਹ ਪੁੱਛ ਰਹੀ ਹੈ ਇਕ ਮਾਂ, ਜਿਸ ਦੇ ਬੇਟੇ ਨੇ ਕੱਲ੍ਹ ਹੀ ਆਪਣੀ ਹਿੱਕ 'ਤੇ ਪਾਕਿਸਤਾਨ ਦੀ ਗੋਲੀ ਖਾਧੀ ਹੈ ਅਤੇ ਦੇਸ਼ ਲਈ ਫਰਜ਼ ਨਿਭਾਉਂਦਾ ਹੋਇਆ ਉਹ ਸ਼ਹੀਦ ਹੋ ਗਿਆ। ਮੋਗਾ ਦੇ ਤਲਵੰਡੀ ਮੱਲੀਆ ਪਿੰਡ ਦਾ ਨੌਜਵਾਨ ਜਸਪ੍ਰੀਤ ਕੱਲ੍ਹ ਪਾਕਿਸਤਾਨ ਦੀ ਸੀਮਾ 'ਤੇ ਦਹਿਸ਼ਤਗਦਾਂ ਵੱਲੋਂ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਦੇ ਭਵਾਨੀ ਵਿਖੇ ਕੀਤੀ ਗੋਲੀਬਾਰੀ ਵਿਚ ਸ਼ਹੀਦ ਹੋ ਗਿਆ। ਅੱਜ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੇਗੀ। ਉਸ ਦੀ ਸ਼ਹੀਦੀ ਦੀ ਖਬਰ ਸੁਣ ਕੇ ਪੂਰਾ ਪਿੰਡ ਸਦਮੇ ਵਿਚ ਹੈ। ਉਸ ਦੀ ਮਾਂ ਨੂੰ ਆਪਣੇ ਹੱਸਦੇ-ਖੇਡਦੇ ਪੁੱਤਰ ਦੀ ਵਾਪਸੀ ਦਾ ਇੰਤਜ਼ਾਰ ਹੈ। ਉਸ ਦੀਆਂ ਭੈਣਾਂ ਉਸ ਦਾ ਨਾਂ ਲੈ-ਲੈ ਕੇ ਗਸ਼ ਖਾ ਕੇ ਬੇਹੋਸ਼ ਹੋ ਰਹੀਆਂ ਹਨ ਅਤੇ ਉਸ ਦੇ ਵੀਰਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਉਸ ਦਾ ਪਿਤਾ ਸਰਵਣ ਸਿੰਘ ਆਪਣੇ ਦਰਦ ਨੂੰ ਲੁਕੋ ਕੇ ਅਜੇ ਵੀ ਕਹਿ ਰਿਹਾ ਹੈ ਕਿ ਉੁਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ ਅਤੇ ਉਹ ਆਪਣੇ ਦੂਜੇ ਪੁੱਤਰ ਨੂੰ ਵੀ ਦੇਸ਼ ਦੀ ਸੇਵਾ ਲਈ ਫੌਜ ਵਿਚ ਭਰਤੀ ਕਰਵਾਉਣਗੇ। ਸ਼ਹੀਦ ਜਸਪ੍ਰੀਤ ਦੇ ਪਿਤਾ ਰਾਜਗਿਰੀ ਦਾ ਕੰਮ ਕਰਦੇ ਹਨ। ਉਹ ਲੋਕਾਂ ਦੇ ਘਰ ਬਣਾਉਂਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਸਰਹੱਦ 'ਤੇ ਬੈਠ ਕੇ ਲੋਕਾਂ ਦੇ ਘਰਾਂ ਦੀ ਰੱਖਿਆ ਕਰਦਾ ਸੀ। 
ਜਸਪ੍ਰੀਤ ਦੇ ਭਰਾ ਦੇ ਕਹਿਣਾ ਹੈ ਕਿ ਉਸ ਨੂੰ ਆਪਣੇ ਭਰਾ 'ਤੇ ਮਾਣ ਹੈ ਕਿ ਉਹ ਬੱਚਿਆਂ ਨੂੰ ਬਚਾਉਂਦਾ ਹੋਇਆ ਸ਼ਹੀਦ ਹੋ ਗਿਆ। ਉਹ ਵੀ ਆਪਣੇ ਭਰਾ ਦੇ ਨਕਸ਼ੇ-ਕਦਮਾਂ 'ਤੇ ਚੱਲਦਾ ਹੋਇਆ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਜਸਪ੍ਰੀਤ ਆਪਣੀ ਵੱਡੀ ਭੈਣ ਦੇ ਵਿਆਹ 'ਤੇ ਪਿੰਡ ਆਇਆ ਸੀ। ਇਸ ਤੋਂ ਬਾਅਦ ਉਸ ਦੀ ਮੌਤ ਦੀ ਖ਼ਬਰ ਹੀ ਪਿੰਡ ਪਹੁੰਚੀ ਅਤੇ ਇਹ ਖ਼ਬਰ ਦੁੱਖਾਂ ਦਾ ਪਹਾੜ ਬਣ ਕੇ ਪਰਿਵਾਰ 'ਤੇ ਟੁੱਟ ਪਈ। ਜਸਪ੍ਰੀਤ ਆਪਣੇ ਭਰਾ ਨੂੰ ਅਕਸਰ ਕਹਿੰਦਾ ਸੀ ਤੂੰ ਵੀ ਫੌਜ ਵਿਚ ਆ ਜਾ, ਦੇਸ਼ ਲਈ ਲੜਨਾ ਬਹੁਤ ਵਧੀਆ ਹੈ।


Related News