ਸ਼ਰਾਬੀ ਪਤੀ ਤੋਂ ਦੁਖੀ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਨਸ਼ੇ 'ਚ ਕਰਦਾ ਸੀ ਕੁੱਟਮਾਰ
Thursday, Jan 26, 2023 - 04:40 PM (IST)
ਬਨੂੜ (ਗੁਰਪਾਲ)- ਥਾਣਾ ਬਨੂੜ ਅਧੀਨ ਪੈਂਦੇ ਪਿੰਡ ਕਾਲੋਮਾਜਰਾ ’ਚ ਵਿਆਹੁਤਾ ਔਰਤ ਨੇ ਆਪਣੇ ਸ਼ਰਾਬੀ ਪਤੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਠੱਕਰ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਿਤਾ ਰਾਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਚੌਰਾ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪੁੱਤਰੀ ਸੁਖਵਿੰਦਰ ਕੌਰ ਦਾ ਵਿਆਹ ਸਾਲ 2009 ’ਚ ਪਿੰਡ ਕਾਲੋਮਾਜਰਾ ਦੇ ਗੁਰਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਨਾਲ ਹੋਇਆ ਸੀ। ਉਨ੍ਹਾਂ ਕੋਲ ਇਕ ਲੜਕੀ ਅਤੇ ਇਕ ਲੜਕਾ ਹੈ। ਗੁਰਵਿੰਦਰ ਸਿੰਘ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੀ ਲੜਕੀ ਨਾਲ ਲੜਾਈ ਝਗੜਾ ਕਰ ਕੇ ਕੁੱਟਮਾਰ ਕਰਦਾ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਭੜਕੇ ਸਿੱਧੂ ਖੇਮੇ ਨੇ 'ਆਪ'-ਭਾਜਪਾ ਸਣੇ ਕਾਂਗਰਸੀਆਂ 'ਤੇ ਵੀ ਵਿੰਨ੍ਹੇ ਨਿਸ਼ਾਨੇ, "ਇਨ੍ਹਾਂ ਨੂੰ ਸਿੱਧੂ ਫੋਬੀਆ"
ਬੀਤੇ ਦਿਨੀਂ ਗੁਰਵਿੰਦਰ ਸਿੰਘ ਨੇ ਸ਼ਰਾਬ ਪੀ ਕੇ ਸੁਖਵਿੰਦਰ ਕੌਰ ਦੀ ਫਿਰ ਕੁੱਟਮਾਰ ਕੀਤੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਸ ਦੀ ਅੱਜ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਵਿਆਹੁਤਾ ਔਰਤ ਦੇ ਪਤੀ ਗੁਰਵਿੰਦਰ ਸਿੰਘ ਖ਼ਿਲਾਫ਼ ਧਾਰਾ 306 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।