ਲੁਧਿਆਣਾ ''ਚ ਬੀਬੀਆਂ ਦੀ ਉੱਡੀ ਨੀਂਦ, 19 ਸਾਲਾ ਵਿਆਹੁਤਾ ਦੀ 2 ਵਾਰ ਕੱਟੀ ਗੁੱਤ
Friday, Aug 11, 2017 - 03:53 PM (IST)

ਲੁਧਿਆਣਾ (ਮਹੇਸ਼) : ਬਸਤੀ ਜੋਧੇਵਾਲ ਦੇ ਜਸਵੰਤ ਨਗਰ ਇਲਾਕੇ ਵਿਚ 19 ਸਾਲਾ ਇਕ ਵਿਆਹੁਤਾ ਦੀ ਦੋ ਵਾਰ ਗੁੱਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਨੂ ਰਾਣੀ ਦਾ ਕਹਿਣਾ ਹੈ ਕਿ ਦੋਵੇਂ ਵਾਰ ਹੀ ਉਸ ਨੂੰ ਗੁੱਤ ਕੱਟੇ ਜਾਣ ਦਾ ਪਤਾ ਨਹੀਂ ਲੱਗਾ। ਉਥੇ ਦੂਸਰੇ ਪਾਸੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਭੂਤ ਮੱਖੀ ਦੇ ਬਾਅਦ ਹੁਣ ਇਕ ਵਿਸ਼ੇਸ਼ ਤਰ੍ਹਾਂ ਦੇ ਜ਼ਹਿਰੀਲੇ ਕੀੜੇ ਦੀ ਅਫਵਾਹ ਸ਼ਹਿਰ ਵਿਚ ਫੈਲਦੀ ਜਾ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੀੜਾ ਗੰਦਗੀ ਵਿਚ ਪਲਦਾ ਹੈ, ਜੋ ਪਹਿਲਾਂ ਡੰਗ ਮਾਰਦਾ ਹੈ ਅਤੇ ਫਿਰ ਗੁੱਤ ਕੱਟ ਦਿੰਦਾ ਹੈ ਪਰ ਅਜੇ ਤੱਕ ਕਿਸੇ ਵੀ ਮਹਿਲਾ ਦਾ ਡਾਕਟਰੀ ਮੁਆਇਨਾ ਨਹੀਂ ਕਰਵਾਇਆ ਗਿਆ ਤਾਂ ਕਿ ਇਹ ਗੱਲ ਮੈਡੀਕਲ ਤੌਰ 'ਤੇ ਸਿੱਧ ਹੋ ਸਕੇ ਅਤੇ ਨਾ ਹੀ ਪੁਲਸ ਅਜੇ ਤੱਕ ਇਸ ਦੀ ਤਹਿ ਤੱਕ ਪਹੁੰਚ ਸਕੀ ਹੈ। ਜ਼ਹਿਰੀਲੇ ਕੀੜੇ ਨੂੰ ਲੈ ਕੇ ਵਟਸਐਪ 'ਤੇ ਵੀ ਕਾਫੀ ਪ੍ਰਚਾਰ ਹੋ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ।
ਮੀਨੂ ਨੇ ਦੱਸਿਆ ਕਿ ਉਹ ਕੱਲ ਰਾਤ ਨੂੰ ਆਪਣੇ ਪਤੀ ਸੈਣੀ ਕੁਮਾਰ ਨਾਲ ਕਮਰੇ ਵਿਚ ਸੁੱਤੀ ਸੀ। ਸਵੇਰੇ ਉੱਠੀ ਤਾਂ ਉਸ ਦਾ ਸਿਰ ਬਹੁਤ ਭਾਰੀ ਸੀ ਅਤੇ ਉਸ ਦੀ ਗੁੱਤ ਕੱਟੀ ਹੋਈ ਸੀ। ਇਸ ਦੇ ਬਾਅਦ ਉਹ ਫਿਰ ਤੋਂ ਬੇਹੋਸ਼ ਹੋ ਗਈ, ਜਦ ਕਿ ਰਾਤ ਨੂੰ ਉਹ ਚੰਗੀ-ਭਲੀ ਸੁੱਤੀ ਸੀ। ਇਸ ਦੇ ਬਾਅਦ ਜਦੋਂ ਉਸ ਦਾ ਪਤੀ ਕੰਮ 'ਤੇ ਚਲਾ ਗਿਆ ਤਾਂ ਉਹ ਤਬੀਅਤ ਖਰਾਬ ਹੋਣ ਕਾਰਨ ਫਿਰ ਸੌਂ ਗਈ ਅਤੇ ਜਦੋਂ ਫਿਰ ਉੱਠੀ ਤਾਂ ਦੁਬਾਰਾ ਉਸ ਦੀ ਗੁੱਤ ਕੱਟੀ ਹੋਈ ਸੀ। ਉਦੋਂ ਵੀ ਉਸ ਦਾ ਸਿਰ ਬਹੁਤ ਦਰਦ ਕਰ ਰਿਹਾ ਸੀ। ਇਹ ਜਾਣਕਾਰੀ ਉਸ ਨੇ ਆਪਣੇ ਪਤੀ ਨੂੰ ਦਿੱਤੀ। ਮੀਨੂ ਨੇ ਦੱਸਿਆ ਕਿ ਦੋਵੇਂ ਵਾਰ ਹੀ ਉਸ ਨੂੰ ਗੁੱਤ ਦੇ ਕੱਟੇ ਜਾਣ ਦੀ ਭਿਣਤ ਤੱਕ ਨਹੀਂ ਲੱਗੀ।