ਸਹੁਰਿਆਂ ਤੋਂ ਸਤਾਈ ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ, ਘਰ ''ਚ ਵਿਛ ਗਏ ਸੱਥਰ

Saturday, Nov 19, 2022 - 08:23 PM (IST)

ਸਹੁਰਿਆਂ ਤੋਂ ਸਤਾਈ ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ, ਘਰ ''ਚ ਵਿਛ ਗਏ ਸੱਥਰ

ਲੋਹੀਆਂ ਖਾਸ (ਮਨਜੀਤ) : ਸਥਾਨਕ ਵਾਰਡ ਨੰਬਰ 9 ਤੋਂ ਕੌਂਸਲਰ ਰੇਖਾ ਰਾਣੀ ਦੀ ਧੀ ਅਤੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਦੀ ਲੁਧਿਆਣੇ ਵਿਆਹੀ ਭਤੀਜੀ ਲਵਪ੍ਰੀਤ ਕੌਰ (24) ਪੁੱਤਰੀ ਗਿਆਨ ਸਿੰਘ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਖਤਮ ਕਰ ਲੈਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਰੇਖਾ ਰਾਣੀ ਪਤਨੀ ਗਿਆਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਲਵਪ੍ਰੀਤ ਕੌਰ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਨਤਾ ਨਗਰ ਲੁਧਿਆਣਾ ਨਾਲ ਕੀਤਾ ਸੀ।

ਇਹ ਵੀ ਪੜ੍ਹੋ : ਕਾਂਗਰਸ ਨੇ ਨਿਯੁਕਤ ਕੀਤੇ ਨਵੇਂ ਜ਼ਿਲ੍ਹਾ ਪ੍ਰਧਾਨ, ਦੇਖੋ ਲਿਸਟ

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲਵਪ੍ਰੀਤ ਕੌਰ ਦਾ ਪਤੀ ਗਗਨਦੀਪ ਸਿੰਘ, ਸੱਸ ਅਮਰਜੀਤ ਕੌਰ ਤੇ ਸਹੁਰਾ ਅਮਰਜੀਤ ਸਿੰਘ ਨੇ ਉਸ ਨੂੰ ਦਾਜ ਖਾਸ ਕਰਕੇ ਕਾਰ ਲਈ ਤਾਹਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਚੱਲਦਿਆਂ ਅਸੀਂ ਲਵਪ੍ਰੀਤ ਕੌਰ ਨੂੰ ਆਪਣੇ ਘਰ ਲੋਹੀਆਂ ਲੈ ਆਏ, ਜਿਸ ਤੋਂ ਬਾਅਦ ਸਾਡੇ ਰਿਸ਼ਤੇਦਾਰਾਂ ਨੇ ਲਵਪ੍ਰੀਤ ਦੇ ਸਹੁਰੇ ਪਰਿਵਾਰ ਨਾਲ ਗੱਲਬਾਤ ਅਤੇ ਮਿੰਨਤਾਂ-ਤਰਲੇ ਕਰਕੇ ਲਵਪ੍ਰੀਤ ਦੇ ਸਹੁਰਾ ਪਰਿਵਾਰ ਨੂੰ ਮਨਾ ਕੇ ਲਵਪ੍ਰੀਤ ਨੂੰ ਇਕ ਵਾਰ ਫਿਰ ਸਹੁਰੇ ਘਰ ਭੇਜ ਦਿੱਤਾ। ਕੁਝ ਸਮਾਂ ਲੰਘਿਆ, ਫਿਰ ਉਸ ਦਾ ਸਹੁਰਾ ਪਰਿਵਾਰ ਲਵਪ੍ਰੀਤ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਮਾਮੂਲੀ ਗੱਲ ਤੋਂ ਹੋਇਆ ਵਿਵਾਦ, ਅਹਾਤੇ ’ਚ ਬੈਠੇ ਨੌਜਵਾਨ ਦਾ ਕਰਿੰਦੇ ਨੇ ਚਾਕੂ ਮਾਰ ਕੱਟ'ਤਾ ਹੱਥ

ਇੱਥੋਂ ਤੱਕ ਕਿ ਪਤੀ ਕੁੱਟਮਾਰ ਵੀ ਕਰਨ ਲੱਗ ਪਿਆ, ਜਿਸ ਕਰਕੇ ਕੁਝ ਦਿਨ ਪਹਿਲਾਂ ਅਸੀਂ ਦੁਬਾਰਾ ਕੁੜੀ ਨੂੰ ਲੋਹੀਆਂ ਲੈ ਆਏ। ਅੱਜ ਲਵਪ੍ਰੀਤ ਦੇ ਪਤੀ ਦਾ ਉਸ ਨੂੰ ਫੋਨ ਆਇਆ ਕਿ ਅਸੀਂ ਨਕੋਦਰ ਆ ਰਹੇ ਹਾਂ, ਆਪਣੇ ਪਰਿਵਾਰ ਨੂੰ ਲੈ ਆ ਤੇ ਤਲਾਕ ਬਾਰੇ ਗੱਲ ਕਰ ਲਈਏ, ਜਿਸ ਤੋਂ ਦੁਖੀ ਹੋ ਕੇ ਮੇਰੀ ਧੀ ਨੇ ਕਮਰਾ ਬੰਦ ਕਰਕੇ ਪੱਖੇ ਨਾਲ ਫਾਹਾ ਲਾ ਲਿਆ। ਅਸੀਂ ਰੌਲਾ ਪਾਇਆ ਤਾਂ ਗੁਆਂਢੀਆਂ ਦੇ ਨੌਜਵਾਨ ਦਰਵਾਜ਼ਾ ਤੋੜ ਕੇ ਲਵਪ੍ਰੀਤ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਰੇਖਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਦਿਆਂ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News