ਇਸ ਵਿਆਹੁਤਾ ਦਾ ਦਰਦ ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ, ਮਾਂ ਨੇ ਲਗਾਈ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ

07/10/2017 3:03:47 PM

ਜਲੰਧਰ(ਮਾਹੀ)— ਆਦਮਪੁਰ ਵਾਸੀ ਨੀਲਮ ਰਾਣੀ ਪਤਨੀ ਲਖਵੀਰ ਚੰਦ ਨੇ ਜਲੰਧਰ ਪ੍ਰੈੱਸ ਕਾਨਫਰੰਸ ਰਾਹੀਂ ਪੁਲਸ ਪ੍ਰਸ਼ਾਸਨ ਕੋਲ ਗੁਹਾਰ ਲਾਈ ਹੈ ਕਿ ਉਸ ਦੀ ਲੜਕੀ ਮਨਜਿੰਦਰ ਕੌਰ ਦਾ ਵਿਆਹ 2014 'ਚ ਮੁਨੀਸ਼ ਖੁੱਤਣ ਪੁੱਤਰ ਗੁਰਮੇਲ ਚੰਦ ਵਾਸੀ ਹੁਸ਼ਿਆਰਪੁਰ ਹਾਲ ਵਾਸੀ ਦਿੱਲੀ ਨਾਲ ਹੋਇਆ ਸੀ, ਉਸ ਵਕਤ ਉਨ੍ਹਾਂ ਵੱਲੋਂ ਆਪਣੀ ਹੈਸੀਅਤ ਮੁਤਾਬਕ ਰੀਤੀ-ਰਿਵਾਜ਼ ਮੁਤਾਬਕ ਲੜਕੀ ਨੂੰ ਤੋਰਿਆ ਗਿਆ। ਉਸ ਨੂੰ ਸੋਨਾ ਅਤੇ ਹੋਰ ਘਰੇਲੂ ਸਾਮਾਨ ਦਿੱਤਾ ਗਿਆ ਪਰ ਲੜਕੀ ਨੂੰ ਲੜਕੇ ਸਮੇਤ ਸਹੁਰੇ ਪਰਿਵਾਰ ਨੇ ਕੁਝ ਸਮੇਂ ਬਾਅਦ ਹੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੜਕੀ ਨੇ ਉਨ੍ਹਾਂ ਨੂੰ ਕਈ ਵਾਰ ਜਾਣੂੰ ਕਰਵਾਇਆ ਪਰ ਉਨ੍ਹਾਂ ਨੇ ਲੜਕੀ ਨੂੰ ਸਮਝਾ ਕੇ ਸਹੁਰੇ ਪਰਿਵਾਰ 'ਚ ਰਹਿਣ ਦੀ ਨਸੀਹਤ ਦਿੱਤੀ। ਕੁਝ ਸਮਾਂ ਦਿੱਲੀ 'ਚ ਆਪਣੇ ਸਹੁਰੇ ਪਰਿਵਾਰ 'ਚ ਰਹਿੰਦਿਆਂ ਸੱਸ-ਸਹੁਰੇ ਅਤੇ ਨਣਾਨਾਂ ਵੱਲੋਂ ਵੀ ਉਸ ਨੂੰ ਤੰਗ ਕੀਤਾ ਜਾਂਦਾ ਰਿਹਾ। ਕੁਝ ਸਮੇਂ ਬਾਅਦ ਲੜਕੀ ਵਿਦੇਸ਼ ਟੋਰਾਂਟੋ (ਕੈਨੇਡਾ) ਚਲੀ ਗਈ, ਉਥੇ ਜਾ ਕੇ ਉਸ ਨੇ ਆਪਣੇ ਪਤੀ ਮੁਨੀਸ਼ ਖੁੱਤਣ ਦੇ ਵਿਦੇਸ਼ 'ਚ ਪੱਕੇ ਹੋਣ ਲਈ ਕਾਗਜ਼ ਪੱਤਰ ਤਿਆਰ ਕਰ ਲਏ ਅਤੇ ਆਪਣੇ ਪਤੀ ਨੂੰ ਵਿਦੇਸ਼ ਟੋਰਾਂਟੋ 'ਚ ਪੱਕਾ ਵਾਸੀ ਬਣਾ ਦਿੱਤਾ। 

PunjabKesariਲੜਕੀ ਦੀ ਮਾਂ ਨੇ ਧੀ ਦੀ ਦਰਦਭਰੀ ਦਾਸਤਾਨ ਬਿਆਨ ਕਰਦੇ ਹੋਏ ਦੱਸਿਆ ਕਿ ਵਿਦੇਸ਼ 'ਚ ਸਿਰਫ ਢਾਈ ਮਹੀਨੇ ਪਤੀ-ਪਤਨੀ ਦੇ ਰਿਸ਼ਤੇ 'ਚ ਰਹਿਣ ਦੌਰਾਨ ਵੀ ਉਸ ਦਾ ਪਤੀ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕਰਦਾ ਰਿਹਾ ਪਰ ਜਦੋਂ ਹੱਦੋਂ ਵੱਧ ਕੁੱਟਮਾਰ ਕੀਤੀ ਗਈ ਤਾਂ ਵਿਦੇਸ਼ 'ਚ ਲੜਕੀ ਨੇ ਪੁਲਸ ਦੀ ਸਹਾਇਤਾ ਲਈ, ਜਿੱਥੇ ਹੁਣ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਵੱਖ-ਵੱਖ ਰਹਿਣ ਦੇ ਹੁਕਮ ਦਿੱਤੇ ਪਰ ਲੜਕੀ ਦੇ ਵੱਖ ਰਹਿਣ ਦੇ ਬਾਵਜੂਦ ਵੀ ਉਸ ਦਾ ਪਤੀ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਲੜਕੀ ਦੀ ਮਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਪਰ ਪੁਲਸ ਨੇ ਸਾਰੀ ਗੱਲਬਾਤ ਸੁਣਨ ਦੇ ਬਾਵਜੂਦ ਸਿਰਫ ਲੜਕੇ ਖਿਲਾਫ ਥਾਣਾ ਆਦਮਪੁਰ 'ਚ ਕੇਸ ਦਰਜ ਕੀਤਾ, ਜਦਕਿ ਲੜਕੇ ਦੇ ਨਾਲ-ਨਾਲ ਸੱਸ-ਸਹੁਰੇ ਅਤੇ ਨਣਾਨਾਂ ਖਿਲਾਫ ਵੀ ਕੇਸ ਦਰਜ ਕਰਨਾ ਚਾਹੀਦਾ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਤਾਇਨਾਤ ਡਾਕਟਰ ਦੀ ਮਦਦ ਨਾਲ ਸਿਆਸੀ ਦਬਾਅ ਕਾਰਨ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲੜਕੇ ਨੂੰ ਵਿਦੇਸ਼ ਤੋਂ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਦੀ ਲੜਕੀ ਨੂੰ ਇਨਸਾਫ ਮਿਲ ਸਕੇ।


Related News