ਮਾਮਲਾ ਵਿਆਹੁਤਾ ਵੱਲੋਂ ਕੀਤੀ ਖੁਦਕੁਸ਼ੀ ਦਾ, ਪਰਿਵਾਰਕ ਮੈਂਬਰਾਂ ਨੇ ਪੁਲਸ ਅੱਗੇ ਲਗਾਈ ਇਨਸਾਫ ਦੀ ਗੁਹਾਰ

10/31/2017 10:43:17 AM

ਬਟਾਲਾ (ਸੈਂਡੀ) - ਨੇੜਲੇ ਪਿੰਡ ਮੰਮਣ ਦੇ ਬਾਊ ਮਸੀਹ ਪੁੱਤਰ ਉਦੋ ਮਸੀਹ ਨੇ ਪਿੰਡ ਦੀ ਗ੍ਰਾਮ ਪੰਚਾਇਤ ਤੇ ਮੋਹਤਬਰ ਵਿਅਕਤੀਆਂ ਸਮੇਤ ਉੱਚ ਪੁਲਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਸ ਦੇ ਪਰਿਵਾਰ ਵਿਰੁੱਧ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਵੱਲੋਂ ਦਰਜ ਕੀਤੇ ਗਏ ਕੇਸ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। 
ਉਨਾਂ ਦੱਸਿਆ ਕਿ ਬੀਤੇ ਦਿਨ ਉਸ ਦੀ ਨੂੰਹ ਸੰਦੀਪ ਕੌਰ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਨਾਲ ਉਸ ਦੇ ਪਰਿਵਾਰ ਦਾ ਕੋਈ ਸਬੰਧ ਨਹੀਂ ਹੈ ਪਰ ਉਸ ਦੇ ਪੇਕਿਆ ਨੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਨਾਜਾਇਜ਼ ਪਰਚਾ ਦਰਜ ਕਰਵਾ ਦਿੱਤਾ ਹੈ। ਪਿੰਡ ਦੀ ਪੰਚਾਇਤ ਤੇ ਮੋਹਤਬਰ ਵਿਅਕਤੀਆਂ ਨੇ ਵੀ ਉਕਤ ਪਰਿਵਾਰ ਸਮੇਤ ਕਿਹਾ ਕਿ ਮ੍ਰਿਤਕ ਵਿਆਹੁਤਾ ਔਰਤ ਸੰਦੀਪ ਕੌਰ ਆਪਣੇ ਦੋਵੇਂ ਬੱਚਿਆਂ ਸਮੇਤ ਪਿਛਲੇ ਕਾਫੀ ਸਮੇਂ ਤੋਂ ਆਪਣੇ ਸਹੁਰੇ ਪਰਿਵਾਰ ਨਾਲੋਂ ਅਲੱਗ ਰਹਿੰਦੀ ਸੀ ਤੇ ਸਹੁਰੇ ਪਰਿਵਾਰ 'ਤੇ ਨਾਜਾਇਜ਼ ਪਰਚਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਪਿਛਲੇ 12-13 ਸਾਲਾਂ ਤੋਂ ਵਿਆਹੀਆਂ ਹੋਈਆਂ ਹਨ, ਜਿਨ੍ਹਾਂ ਦੇ ਨਾਂ ਵੀ ਪਰਚੇ 'ਚ ਲਿਖਵਾਏ ਗਏ ਹਨ ਤੇ ਉਕਤ ਔਰਤ ਦਾ ਪਤੀ ਵੀ ਦੁਬਈ ਗਿਆ ਹੋਇਆ ਹੈ ਉਸ ਦਾ ਨਾਂ ਵੀ ਪਰਚੇ 'ਚ ਸ਼ਾਮਿਲ ਕਰ ਦਿੱਤਾ ਗਿਆ ਹੈ। 
ਉਨ੍ਹਾਂ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਕਤ ਔਰਤ ਸੰਦੀਪ ਕੌਰ ਦੇ ਮੋਬਾਇਲ ਦੀ ਡਿਟੇਲ ਕਢਵਾਈ ਜਾਵੇ ਤੇ ਸੱਚ ਸਾਹਮਣੇ ਲਿਆ ਕੇ ਗ਼ਰੀਬ ਪਰਿਵਾਰ ਨਾਲ ਹੋ ਰਹੀ ਧੱਕੇਸ਼ਾਹੀ ਦਾ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਪਿੰਡ ਦੀ ਪੰਚਾਇਤ ਤੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਉਹ ਗ਼ਰੀਬ ਪਰਿਵਾਰ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਤੇ ਉਕਤ ਮਾਮਲੇ ਦਾ ਸੱਚ ਸਾਹਮਣੇ ਲਿਆਉਣਗੇ।


Related News