ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲਸ ਅਤੇ ਰੇਸਤਰਾਂ ਖੋਲ੍ਹਣ ਸੰਬੰਧੀ ਵਿਚਾਰ-ਚਰਚਾ ਜਾਰੀ
Monday, Jun 01, 2020 - 11:08 AM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦਿਆਂ ਲਾਗੂ ਹੋਈ ਤਾਲਾਬੰਦੀ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਪਟੜੀ 'ਤੇ ਲਿਆਉਣ ਲਈ ਸਰਕਾਰ ਵੱਲੋਂ ਕੁੱਝ ਛੋਟਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਮੈਰਿਜ ਪੈਲਸ, ਰੇਸਤਰਾਂ ਅਤੇ ਵੱਡੇ ਹੋਟਲ ਖੋਲ੍ਹਣ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਪਰ ਪਹਿਲਾਂ ਇਹ ਤੈਅ ਕੀਤਾ ਜਾਵੇਗਾ ਕਿ ਜੇਕਰ ਸਰਕਾਰ ਮੈਰਿਜ ਪੈਲਸ ਖੋਲ੍ਹਦੀ ਹੈ ਤਾਂ ਉਨ੍ਹਾਂ 'ਚ ਕਿੰਨੇ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਰੇਸਤਰਾਂ 'ਚ ਉਨ੍ਹਾਂ ਦੇ ਬੈਠਣ ਦੀ ਸਮਰੱਥਾ ਦੇ ਹਿਸਾਬ ਨਾਲ ਕਿਵੇਂ ਕਦਮ ਚੁੱਕੇ ਜਾ ਸਕਣਗੇ। ਸਰਕਾਰ ਅਜੇ ਮੈਰਿਜ ਪੈਲਸਾਂ ਨੂੰ ਖੋਲ੍ਹਣ ਤੋਂ ਪਹਿਲਾਂ ਇਨ੍ਹਾਂ ਨੂੰ 3 ਸ਼੍ਰੇਣੀਆਂ 'ਚ ਵੰਡੇਗੀ, ਜਿਸ ਮੁਤਾਬਕ ਸਭ ਤੋਂ ਛੋਟੇ ਮੈਰਿਜ ਪੈਲਸਾਂ 'ਚ 50, ਉਸ ਤੋਂ ਵੱਡੇ ਮੈਰਿਜ ਪੈਲਸਾਂ 'ਚ 150 ਅਤੇ ਜ਼ਿਆਦਾ ਵੱਡੇ ਮੈਰਿਜ ਪੈਲਸਾਂ 'ਚ 200 ਲੋਕਾਂ ਤੱਕ ਦੇ ਜਾਣ ਨੂੰ ਮਨਜ਼ੂਰੀ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਮੈਰਿਜ ਪੈਲਸਾਂ 'ਚ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਕਿਉਂਕਿ ਮੈਰਿਜ ਪੈਲਸਾਂ ਦੇ ਖੁੱਲ੍ਹਣ ਨਾਲ ਸਰਕਾਰ ਦਾ ਮਾਲੀਆ ਵਧੇਗਾ। ਪੈਲਸਾਂ 'ਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਖਾਣੇ ਦੇ ਛੋਟੇ-ਛੋਟੇ ਕਾਊਂਟਰ ਖੋਲ੍ਹੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਬੀਜ ਘੋਟਾਲੇ ਦਾ ਪਰਦਾਫਾਸ਼, ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ
ਰੇਸਤਰਾਂ ਬਾਰੇ ਵੀ ਹੋ ਰਹੀ ਵਿਚਾਰ-ਚਰਚਾ
ਸਰਕਾਰ ਸੂਬੇ ਦੇ ਹੋਟਲਾਂ ਅਤੇ ਰੇਸਤਰਾਂ ਨੂੰ ਖੋਲ੍ਹਣ ਨੂੰ ਲੈ ਕੇ ਵੀ ਮੰਥਨ ਕਰ ਰਹੀ ਹੈ ਕਿਉਂਕਿ ਤਾਲਾਬੰਦੀ ਕਾਰਨ ਇਸ ਉਦਯੋਗ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਰਣਨੀਤੀ ਤਿਆਰ ਕਰ ਰਹੀ ਹੈ, ਜਿਸ 'ਚ ਸਰਕਾਰ ਹੋਟਲਾਂ 'ਚ ਅੱਧੀ ਗਿਣਤੀ ਦੇ ਹਿਸਾਬ ਨਾਲ ਲੋਕਾਂ ਨੂੰ ਬਿਠਾਉਣ ਅਤੇ ਰੇਸਤਰਾਂ 'ਚ ਵੀ ਅਜਿਹਾ ਹੀ ਕਰਨ ਇਜ਼ਾਜਤ ਦਿੱਤੀ ਜਾ ਸਕਦੀ ਹੈ ਪਰ ਇਸ ਲਈ ਹੋਟਲਾਂ ਅਤੇ ਰੇਸਤਰਾਂ ਨੂੰ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਹਰ ਪਾਸੇ ਬੈਠਣ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕਰਨਾ ਪਵੇਗਾ।
ਇਹ ਵੀ ਪੜ੍ਹੋ : ...ਤੇ ਹੁਣ ਆਪਣੀ ਪਸੰਦ ਦੇ ਪ੍ਰੀਖਿਆ ਕੇਂਦਰ 'ਚ ਇਮਤਿਹਾਨ ਦੇ ਸਕਣਗੇ ਪ੍ਰੀਖਿਆਰਥੀ