ਮੈਰਿਜ ਪੈਲੇਸਾਂ ਵਿਚ ਫਾਇਰਿੰਗ ਰੋਕਣ ''ਚ ਸਰਕਾਰ ਨਾਕਾਮ, ਮੌਤ ਦੇ ਮੂੰਹ ''ਚ ਜਾ ਰਹੇ ਬੇਕਸੂਰ ਲੋਕ

11/22/2017 3:34:20 AM

ਬਠਿੰਡਾ(ਪਰਮਿੰਦਰ)-ਹਥਿਆਰਾਂ ਦੇ ਸ਼ੌਕੀਨ ਪੰਜਾਬੀ ਹੁਣ ਵਿਆਹਾਂ 'ਚ ਗੋਲੀਬਾਰੀ ਕਰ ਕੇ ਆਪਣੇ ਹੀ ਲੋਕਾਂ ਦਾ ਖੂਨ ਵਹਾਉਣ ਲੱਗੇ ਹਨ। ਆਏ ਦਿਨ ਮੈਰਿਜ ਪੈਲੇਸਾਂ ਵਿਚ ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਵਿਚ ਮਾਸੂਮ ਜ਼ਿੰਦਗੀਆਂ ਜਾ ਰਹੀਆਂ ਹਨ ਜਦਕਿ ਸਰਕਾਰ ਖੁਲ੍ਹੇਆਮ ਹੋਣ ਵਾਲੀ ਇਸ ਫਾਇਰਿੰਗ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਹੈ। ਵਿਆਹਾਂ ਵਿਚ ਹਰ ਕੋਈ ਆਪਣੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨੂੰ ਆਪਣੀ ਖੁਸ਼ੀ ਵਿਚ ਸ਼ਾਮਿਲ ਹੋਣ ਲਈ ਬੁਲਾਉਂਦਾ ਹੈ ਤੇ ਜੇਕਰ ਇਹੀ ਲੋਕ ਇਨ੍ਹਾਂ ਖੁਸ਼ੀਆਂ ਨੂੰ ਮਾਤਮ ਵਿਚ ਬਦਲਣ ਲੱਗਣ ਤਾਂ ਇਹ ਇਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਵਿਆਹਾਂ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਨਾ ਕਰਨ ਅਤੇ ਗੋਲੀਬਾਰੀ ਨਾ ਕਰਨ 'ਤੇ ਪਾਬੰਦੀ ਤਾਂ ਲਾਈ ਜਾਂਦੀ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ 'ਤੇ ਧਿਆਨ ਨਹੀਂ ਦਿੱਤਾ ਜਾਂਦਾ, ਜੇਕਰ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਰੋਕਣਾ ਹੈ ਤਾਂ ਪ੍ਰਸ਼ਾਸਨ ਨੂੰ ਨਾ ਕੇਵਲ ਹਥਿਆਰਾਂ ਦੇ ਸ਼ੌਕੀਨਾਂ ਬਲਕਿ ਮੈਰਿਜ ਪੈਲੇਸਾਂ ਅਤੇ ਸਮਾਗਮ ਦੇ ਆਯੋਜਕਾਂ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਕਰਨੀਆਂ ਪੈਣਗੀਆਂ। 
ਇਕ ਤੋਂ ਬਾਅਦ ਇਕ ਹੋ ਰਹੀਆਂ ਨੇ ਘਟਨਾਵਾਂ
ਮੈਰਿਜ ਪੈਲੇਸਾਂ ਵਿਚ ਹੋਣ ਵਾਲੇ ਵਿਆਹਾਂ ਦੌਰਾਨ ਫਾਇਰਿੰਗ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਇਨ੍ਹਾਂ ਕਾਰਨ ਮਾਸੂਮ ਅਤੇ ਬੇਕਸੂਰ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। 2015 ਵਿਚ ਅਜਨਾਲਾ ਵਿਚ ਇਕ 5 ਸਾਲਾ ਮਾਸੂਮ ਬੱਚੀ ਵੀ ਇਸ ਪ੍ਰਕਾਰ ਖੁਸ਼ੀਆਂ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਈ। ਇਸ ਪ੍ਰਕਾਰ 2016 ਦੌਰਾਨ ਬਠਿੰਡਾ ਦੇ ਹੀ ਮੌੜ ਮੰਡੀ ਵਿਚ ਇਕ ਮੈਰਿਜ ਪੈਲੇਸ ਵਿਚ ਚੱਲੀ ਗੋਲੀ 'ਚ ਇਕ ਡਾਂਸਰ ਨੂੰ ਆਪਣੀ ਜਾਨ ਗੁਆਉਣੀ ਪਈ। ਇਸੇ ਸਾਲ ਬਟਾਲਾ ਦੇ ਇਕ ਮੈਰਿਜ ਪੈਲੇਸ ਵਿਚ ਚਲਾਈ ਗਈ ਗੋਲੀ ਨੇ ਇਕ ਅਧਿਆਪਕਾ ਦੀ ਜਾਨ ਲੈ ਲਈ। ਇਸੇ ਤਰ੍ਹਾਂ 2016 ਵਿਚ ਹੀ ਅੰਮ੍ਰਿਤਸਰ ਦੇ ਇਕ ਪਿੰਡ ਵਿਚ ਵੀ ਇਕ ਨੌਜਵਾਨ ਦੀ ਵਿਆਹ ਸਮਾਰੋਹ ਦੌਰਾਨ ਚੱਲੀ ਗੋਲੀ ਨਾਲ ਮੌਤ ਹੋ ਗਈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਕੋਟਕਪੂਰਾ ਵਿਚ ਇਕ ਵਿਆਹ ਸਮਾਰੋਹ ਦੌਰਾਨ ਰਿਸ਼ਤੇਦਾਰਾਂ ਵੱਲੋਂ ਹੀ ਚਲਾਈ ਗੋਲੀ ਨੇ ਇਕ 8 ਸਾਲਾ ਮਾਸੂਮ ਬੱਚੇ ਦੀ ਜਾਨ ਲੈ ਲਈ। ਵਿਆਹਾਂ ਵਿਚ ਹੋਣ ਵਾਲੀ ਗੋਲੀਬਾਰੀ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਕਾਰਨ ਅਜਿਹੇ ਲੋਕਾਂ ਦੇ ਹੌਸਲੇ ਬੁਲੰਦ ਰਹਿੰਦੇ ਹਨ। 
ਲਗਾਤਾਰ ਵਧ ਰਿਹੈ ਹਥਿਆਰਾਂ ਦਾ ਕ੍ਰੇਜ਼
ਪੰਜਾਬ ਵਿਚ ਹਥਿਆਰਾਂ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਹਥਿਆਰਾਂ ਦੀ ਸੰਖਿਆ ਵੀ ਹਰ ਸਾਲ ਵਧ ਰਹੀ ਹੈ। ਬੇਸ਼ੱਕ ਪ੍ਰਸ਼ਾਸਨ ਨੇ ਅਸਲਾ ਲਾਇਸੈਂਸ ਦੀ ਫੀਸ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਲਾਇਸੈਂਸ ਅਪਲਾਈ ਕੀਤੇ ਜਾ ਰਹੇ ਹਨ। ਫਿਲਮਾਂ ਅਤੇ ਵਿਸ਼ੇਸ਼ ਕਰ ਕੇ ਪੰਜਾਬੀ ਗੀਤਾਂ 'ਚ ਵਧੇ ਹਥਿਆਰਾਂ ਦੇ ਕਲਚਰ ਨੇ ਨੌਜਵਾਨਾਂ ਨੂੰ ਤੇਜ਼ੀ ਨਾਲ ਹਥਿਆਰਾਂ ਵੱਲ ਮੋੜ ਦਿੱਤਾ ਹੈ। ਕੋਈ ਜ਼ਰੂਰਤ ਨਾ ਹੋਣ 'ਤੇ ਵੀ ਕੁਝ ਗੋਲਮਾਲ ਕਰ ਕੇ ਲਾਇਸੈਂਸ ਬਣਾ ਲਏ ਜਾਂਦੇ ਹਨ। ਆਈ. ਜੀ. ਪੁਲਸ ਲੁਧਿਆਣਾ ਨੇ ਕੁਝ ਸਮਾਂ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਵਿਚ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਹਥਿਆਰਾਂ ਦੇ ਲਾਇਸੈਂਸਾਂ ਲਈ ਅਪਲਾਈ ਕੀਤਾ ਜਾਂਦਾ ਹੈ। ਪੁਲਸ ਅੰਕੜਿਆਂ ਅਨੁਸਾਰ 2007 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ 2 ਲੱਖ ਤੋਂ ਜ਼ਿਆਦਾ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। 
ਕੀ ਕਹਿੰਦੇ ਹਨ ਅਧਿਕਾਰੀ
ਵਧੀਕ ਜ਼ਿਲਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਕਿਹਾ ਕਿ ਮੈਰਿਜ ਪੈਲੇਸਾਂ ਵਿਚ ਹਥਿਆਰ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਜੇਕਰ ਕੋਈ ਹਥਿਆਰ ਲੈ ਕੇ ਮੈਰਿਜ ਪੈਲੇਸ ਵਿਚ ਜਾਂਦਾ ਹੈ ਜਾਂ ਹਵਾਈ ਫਾਇਰਿੰਗ ਕਰਦਾ ਹੈ ਤਾਂ ਪ੍ਰਸ਼ਾਸਨ ਇਸ 'ਤੇ ਬਣਦੀ ਕਾਰਵਾਈ ਕਰਦਾ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਕਿਸੇ ਵੀ ਵਿਆਹ ਸਮਾਰੋਹ ਵਿਚ ਜੇਕਰ ਕੋਈ ਉਨ੍ਹਾਂ ਨੂੰ ਹਥਿਆਰ ਹੋਣ ਸਬੰਧੀ ਜਾਂ ਫਾਇਰਿੰਗ ਸਬੰਧੀ ਸ਼ਿਕਾਇਤ ਕਰਦਾ ਹੈ ਤਾਂ ਪ੍ਰਸ਼ਾਸਨ ਉਸ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰੇਗਾ। ਲੋਕਾਂ ਦੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।


Related News