ਮੈਰਿਜ ਪੈਲੇਸ ਬਣਿਆ ''ਰੌਲੇ ਦਾ ਘਰ'', ਲੋਕ ਪ੍ਰੇਸ਼ਾਨ

Monday, Jun 11, 2018 - 05:50 AM (IST)

ਖਰੜ,   (ਅਮਰਦੀਪ)–  ਅੱਜ ਨਗਰ ਕੌਂਸਲ ਖਰੜ ਅਧੀਨ ਪੈਂਦੇ ਪਿੰਡ ਖਾਨਪੁਰ ਦੇ ਵਸਨੀਕਾਂ ਦਾ ਇਕ ਵਿਸ਼ਾਲ ਇਕੱਠ ਪਿੰਡ ਵਿਚ ਚੱਲਦੇ ਨਗਰ ਕੌਂਸਲ ਦੇ ਮੈਰਿਜ ਪੈਲੇਸ ਨੂੰ ਬੰਦ ਕਰਵਾਉਣ ਲਈ ਹੋਇਆ, ਜਿਸ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਮੌਕੇ ਵਾਰਡ ਦੇ ਸਾਬਕਾ ਕੌਂਸਲਰ ਇਕਬਾਲ ਮੁਹੰਮਦ ਨੇ ਕੰਗ ਨੂੰ ਜਾਣੂ ਕਰਵਾਇਆ ਕਿ ਪਿੰਡ ਦੇ ਟੋਭੇ ਨੂੰ ਵਸਨੀਕਾਂ ਨੇ ਭਰ ਕੇ 1995 ਵਿਚ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਤਿਆਰ ਕਰਵਾਈ ਸੀ ਤੇ ਉਸ ਸਮੇਂ ਦੇ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਨੇ ਗਰਾਊਂਡ ਦਾ ਨੀਂਹ ਪੱਥਰ ਰੱਖ ਕੇ ਇਕ ਕਮਰਾ ਉਸਾਰਨ ਲਈ 2 ਲੱਖ ਰੁਪਏ ਗ੍ਰਾਂਟ ਦਿੱਤੀ ਸੀ। ਉਸ ਤੋਂ ਬਾਅਦ ਉਸ ਸਮੇਂ ਦੇ ਨਗਰ ਕੌਂਸਲ ਪ੍ਰਧਾਨ (ਅੱਜਕਲ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ) ਸਨ, ਨੇ ਸਹਿਮਤੀ ਪ੍ਰਗਟਾਉਂਦਿਆਂ ਗਰਾਊਂਡ ਦੇ ਨਾਲ ਗੁਰੂ ਰਵਿਦਾਸ ਭਵਨ ਬਣਵਾਇਆ ਸੀ। ਉਸ ਭਵਨ ਵਿਚ ਆਮ ਲੋਕ ਵੀ ਆਪਣੇ ਵਿਆਹ ਤੇ ਹੋਰ ਸ਼ਗਨਾਂ ਦੇ ਸਮਾਗਮ ਕਰਦੇ ਸਨ ਤਾਂ ਬਾਅਦ ਵਿਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਸ ਭਵਨ ਨੂੰ ਮੈਰਿਜ ਪੈਲੇਸ ਬਣਾ ਦਿੱਤਾ। ਇਕ ਵਿਅਕਤੀ ਨੂੰ ਠੇਕੇ 'ਤੇ ਦੇ ਦਿੱਤਾ ਤੇ ਹੁਣ ਮੈਰਿਜ ਪੈਲੇਸ ਦੇ ਬਣਨ ਨਾਲ ਪਿੰਡ ਨਿਵਾਸੀਆਂ ਦਾ ਜਿਊਣਾ ਬੇਹਾਲ ਹੋ ਚੁੱਕਾ ਹੈ ਕਿਉਂਕਿ ਮੈਰਿਜ ਪੈਲੇਸ ਪਿੰਡ ਦੇ ਵਿਚਕਾਰ ਬਣਿਆ ਹੋਇਆ ਹੈ ਤੇ ਡੀ. ਜੇ. ਦੀ ਉੱਚੀ ਆਵਾਜ਼ ਨਾਲ ਲੋਕ ਪ੍ਰੇਸ਼ਾਨ ਰਹਿੰਦੇ ਹਨ। 
ਮੈਰਿਜ ਪੈਲੇਸ ਦੇ ਚਾਰੇ ਪਾਸੇ ਆਬਾਦੀ ਵੱਸ ਚੁੱਕੀ ਹੈ ਤੇ ਬੱਚਿਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ। ਸਮੂਹ ਨਗਰ ਨਿਵਾਸੀਆਂ ਨੇ ਕੰਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਮੈਰਿਜ ਪੈਲੇਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤੇ ਜੇਕਰ ਜਲਦੀ ਮੈਰਿਜ ਪੈਲੇਸ ਨੂੰ ਬੰਦ ਕਰਕੇ ਕਮਿਊਨਿਟੀ ਸੈਂਟਰ ਨਾ ਬਣਾਇਆ ਤਾਂ ਵਸਨੀਕ ਨਗਰ ਕੌਂਸਲ ਦੇ ਦਫਤਰ ਤੇ ਪੈਲੇਸ ਦਾ ਉਹ ਲਗਾਤਾਰ ਘਿਰਾਓ ਕਰਨਗੇ।  ਇਸ ਮੌਕੇ ਕੰਗ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਕੱਠ ਵਿਚ ਮੁਹੰਮਦ ਇਕਬਾਲ, ਸੁਨੀਲ ਕੁਮਾਰ ਕੌਂਸਲਰ, ਮਲਾਗਰ ਸਿੰਘ ਕੌਂਸਲਰ, ਬੇਅੰਤ ਸਿੰਘ, ਕੇਸਰ ਸਿੰਘ ਨੰਬਰਦਾਰ, ਵਿਜੇ ਕੁਮਾਰ, ਐਡਵੋਕੇਟ ਪਾਲ ਸਿੰਘ, ਸਾਬਕਾ ਐੱਸ. ਐੱਮ. ਓ. ਰਾਜ ਕੁਮਾਰ, ਬਾਲ ਕ੍ਰਿਸ਼ਨ, ਚੰਨੀ ਇਕਬਾਲ, ਹਰਦਿਲ ਧਾਲੀਵਾਲ, ਲਵਪ੍ਰੀਤ, ਮਨਪ੍ਰੀਤ, ਬਿੰਦਰ, ਸੱਭੀ, ਪ੍ਰਦੀਪ, ਰਵਨੀਤ ਸੰਧੂ, ਬੇਅੰਤ, ਸਤਨਾਮ ਤੇ ਮਨਦੀਪ ਵੀ ਸ਼ਾਮਲ ਸਨ। 


Related News