ਘੋੜੀ ਤੋਂ ਗਸ਼ ਖਾ ਕੇ ਡਿੱਗਿਆ ਲਾੜਾ, ਪਿਆ ਭੜਥੂ

Tuesday, Jun 25, 2019 - 06:48 PM (IST)

ਘੋੜੀ ਤੋਂ ਗਸ਼ ਖਾ ਕੇ ਡਿੱਗਿਆ ਲਾੜਾ, ਪਿਆ ਭੜਥੂ

ਬਟਾਲਾ : ਆਲੀਵਾਲ ਰੋਡ ਬਟਾਲਾ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਚੱਲ ਰਹੇ ਵਿਆਹ ਸਮਾਗਮ ਵਿਚ ਉਸ ਵੇਲੇ ਖਲਲ ਪੈ ਗਿਆ ਜਦੋਂ ਅੱਤ ਦੀ ਗਰਮੀ ਵਿਚ ਬਾਰਾਤ ਲੈ ਕੇ ਪੁੱਜਿਆ ਲਾੜਾ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਗਿਆ। ਘਟਨਾ ਸੋਮਵਾਰ ਦੁਪਹਿਰ ਦੀ ਹੈ ਜਦੋਂ 45 ਡਿਗਰੀ ਤਾਪਮਾਨ 'ਚ ਆਲੀਵਾਲ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ ਦੇ ਬਾਹਰ ਜਿਵੇਂ ਹੀ ਬਾਰਾਤ ਪੁੱਜੀ ਤਾਂ ਚੱਲ ਰਹੀਆਂ ਰਸਮਾ ਦੌਰਾਨ ਘੋੜੀ 'ਤੇ ਬੈਠਾ ਲਾੜਾ ਗਰਮੀ ਦੇ ਪ੍ਰਕੋਪ ਕਰਕੇ ਚੱਕਰ ਖਾ ਕੇ ਹੇਠਾਂ ਡਿੱਗ ਪਿਆ ਤੇ ਬੇਹੋਸ਼ ਹੋ ਗਿਆ।

ਲਾੜੇ ਦੇ ਬੇਹੋਸ਼ ਹੁੰਦਿਆਂ ਵਿਆਹ ਸਮਾਗਮ ਵਿਚ ਭੜਥੂ ਪੈ ਗਿਆ। ਬਾਅਦ ਵਿਚ ਲਾੜੇ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਮੌਜੂਦ ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਜ਼ਿਆਦਾ ਗਰਮੀ ਵਿਚ ਲਾੜੇ ਵੱਲੋਂ ਪਾਏ ਰੇਸ਼ਮੀ ਲਿਬਾਸ ਅਤੇ ਸਿਰ 'ਤੇ ਪਹਿਨੀ ਪਗੜੀ ਕਾਰਨ ਘਬਰਾਹਟ ਹੋਈ ਅਤੇ ਉਹ ਗਰਮੀ ਸਹਿਣ ਨਾ ਕਰ ਸਕਿਆ ਤੇ ਬੇਹੋਸ਼ ਹੋ ਗਿਆ। ਉਂਝ ਮੁਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਲਾੜਾ ਵਿਆਹ ਰਸਮਾਂ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਖੇ ਪੁੱਜ ਗਿਆ।


author

Gurminder Singh

Content Editor

Related News