ਮੈਰਿਜ ਪੈਲੇਸਾਂ ਨੂੰ ਰੈਗੂਲਰ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਿਆਰੀ

Tuesday, Nov 06, 2018 - 10:09 AM (IST)

ਮੈਰਿਜ ਪੈਲੇਸਾਂ ਨੂੰ ਰੈਗੂਲਰ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਿਆਰੀ

ਜਲੰਧਰ (ਧਵਨ) : ਪੰਜਾਬ 'ਚ ਮੈਰਿਜ ਪੈਲਸਾਂ ਨੂੰ ਰੈਗੂਲਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ (ਓ. ਟੀ. ਐੱਸ.) ਲਿਆਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ 'ਚ ਸੂਬੇ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਨਵੀਂ ਸਕੀਮ ਲਾਗੂ ਕਰਨ ਲਈ ਕਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਸਬੰਧ 'ਚ ਨਵੀਂ ਨੀਤੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਮੈਰਿਜ ਪੈਲੇਸਾਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਨਾਲ ਮੈਰਿਜ ਪੈਲੇਸਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਲੰਬੇ ਸਮੇਂ ਤੋਂ ਪੈਲੇਸਾਂ ਨੂੰ ਰੈਗੂਲਰ ਕਰਵਾਉਣ ਦੀ ਮੰਗ ਸਰਕਾਰ ਸਾਹਮਣੇ ਕਰ ਰਹੇ ਸਨ। 

ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਊਸਿੰਗ ਡਿਪਾਰਟਮੈਂਟ ਨੂੰ ਓ. ਟੀ. ਐੱਸ. ਸਕੀਮ ਲਿਆਉਣ ਲਈ ਕਿਹਾ ਹੈ ਤਾਂ ਕਿ ਮੈਰਿਜ ਪੈਲੇਸਾਂ ਅਤੇ ਬੈਂਕਵਿਟ ਹਾਲਾਂ ਨੂੰ ਰੈਗੂਲਰ ਕੀਤਾ ਜਾ ਸਕੇ। ਅਸੀਂ ਪੈਲੇਸਾਂ ਮਾਲਕਾਂ ਤੋਂ ਸੁਝਾਅ ਮੰਗੇ ਹਨ ਅਤੇ ਛੇਤੀ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰ ਦਿੱਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਨਵੀਂ ਨੀਤੀ ਨੂੰ ਬਣਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਸਰਕਾਰ ਬੈਂਕਵਿਟ ਹਾਲਾਂ ਅਤੇ ਮੈਰਿਜ ਪੈਲੇਸਾਂ 'ਤੇ 5 ਲੱਖ ਤੋਂ ਲੈ ਕੇ 50 ਲੱਖ ਪ੍ਰਤੀ ਏਕੜ ਤੱਕ ਸੀ. ਐੱਲ. ਯੂ. ਚਾਰਜਿਜ਼ ਲਗਾ ਸਕਦੀ ਹੈ। ਨੀਤੀ ਬਣਨ ਤੋਂ ਬਾਅਦ ਆਵਾਸ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ 31 ਦਸੰਬਰ 2018 ਤੱਕ ਪੈਲੇਸਾਂ ਅਤੇ ਬੈਂਕਵਿਟ ਹਾਲਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ। ਸੂਬੇ ਵਿਚ 1200 ਤੋਂ ਜ਼ਿਆਦਾ ਮੈਰਿਜ ਪੈਲੇਸ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 300 ਪੈਲੇਸ ਹੀ ਰੈਗੂਲਰ ਕੀਤੇ ਗਏ ਹਨ।


author

Babita

Content Editor

Related News