ਜਲੰਧਰ: ਬੈਚਲਰ ਪਾਰਟੀ 'ਚ ਸ਼ਰੇਆਮ ਹੋਈ ਫਾਇਰਿੰਗ, ਵੀਡੀਓ ਵਾਇਰਲ

Wednesday, Nov 06, 2019 - 12:25 PM (IST)

ਜਲੰਧਰ: ਬੈਚਲਰ ਪਾਰਟੀ 'ਚ ਸ਼ਰੇਆਮ ਹੋਈ ਫਾਇਰਿੰਗ, ਵੀਡੀਓ ਵਾਇਰਲ

ਜਲੰਧਰ (ਵਰੁਣ)— ਜਲੰਧਰ 'ਚ ਪੁਲਸ ਤੋਂ ਬੇਖੌਫ ਹੋ ਕੇ ਗੁੰਡੇ ਆਏ ਦਿਨ ਫਾਇਰਿੰਗ ਕਰ ਰਹੇ ਹਨ। ਤਾਜ਼ਾ ਮਾਮਲਾ ਜੇਲ ਤੋਂ ਬੇਲ 'ਤੇ ਆਏ ਬਦਮਾਸ਼ ਪੰਚਮ ਨੂਰ ਸਿੰਘ ਉਰਫ ਪੰਚਮ ਵੱਲੋਂ ਇਕ ਬੈਲਚਰ ਪਾਰਟੀ 'ਚ ਕੀਤੀ ਗਈ ਫਾਇਰਿੰਗ ਦਾ ਸਾਹਮਣੇ ਆਇਆ ਹੈ। ਇਕ ਵਿਆਹ ਸਮਾਰੋਹ 'ਚ ਚੱਲ ਰਹੇ ਪੰਜਾਬੀ ਗਾਣੇ 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦਾ' 'ਤੇ ਹਵਾਈ ਫਾਇਰ ਕਰਨ 'ਤੇ ਪੁਲਸ ਨੇ ਭਾਲੂ ਗੈਂਗ ਦੇ ਦੁਸ਼ਮਣ ਪੰਚਮ ਸਣੇ ਕਈ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਹਵਾਈ ਫਾਇਰ ਕਰਨ ਦੀ ਇਹ ਵੀਡੀਓ 5 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਪੁਲਸ ਨੇ ਆਨਨ-ਫਾਨਨ 'ਚ ਕਾਰਵਾਈ ਕਰਦੇ ਹੋਏ ਥਾਣਾ-7 'ਚ ਕੇਸ ਦਰਜ ਕਰ ਲਿਆ। ਪੁਲਸ ਨੇ ਵੀਡੀਓ 'ਚ ਦਿਖਾਈ ਦੇ ਰਹੇ ਦੋਵੇਂ ਲਾਇਸੈਂਸੀ ਵੈਪਨ ਅਤੇ 20 ਗੋਲੀਆਂ ਬਰਾਮਦ ਕਰ ਲਈਆਂ ਹਨ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਥਾਣਾ-7 ਦੇ ਮੁਖੀ ਨਵੀਨ ਪਾਲ ਨੂੰ ਸੌਂਪੀ ਗਈ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਉਕਤ ਵੀਡੀਓ 29 ਅਕਤੂਬਰ ਨੂੰ ਗੋਲਡੀ ਵਾਸੀ ਸੁਭਾਣਾ ਨਾਂ ਦੇ ਨੌਜਵਾਨ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਕੀਤੀ ਗਈ ਬੈਚਲਰ ਪਾਰਟੀ ਦੀ ਹੈ। ਉਕਤ ਵੀਡੀਓ 'ਚ ਪੰਚਮ ਅਤੇ ਲਵ ਨਾਂ ਦਾ ਨੌਜਵਾਨ 32 ਬੋਰ ਦੇ ਲਾਇਸੈਂਸੀ ਵੈਪਨ ਨਾਲ ਹਵਾਈ ਫਾਇਰ ਕਰ ਰਹੇ ਸਨ।

ਪੁਲਸ ਨੇ ਵੀਡੀਓ 'ਚ ਦਿਖਾਈ ਦੇ ਰਹੇ ਹੋਰ ਨੌਜਵਾਨਾਂ ਦੀ ਪਛਾਣ ਕਰਵਾਈ, ਜਿਸ 'ਚ ਰਿਸ਼ੂ ਪਰਾਸ਼ਰ ਵਾਸੀ ਰਸਤਾ ਮੁਹੱਲਾ ਅਤੇ ਸੰਜੇ ਵਾਸੀ ਅਰਜੁਨ ਨਗਰ ਵੀ ਸਨ। ਪੁਲਸ ਨੇ ਉਕਤ ਸਾਰਿਆਂ ਸਮੇਤ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਵੀਡੀਓ 'ਚ ਜਿਸ ਵੈਪਨ ਨਾਲ ਹਵਾਈ ਫਾਇਰ ਕੀਤੇ ਗਏ ਉਹ ਲਵ ਅਤੇ ਸੰਜੇ ਦੇ ਸਨ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਵੈਪਨ ਬਰਾਮਦ ਕਰ ਲਏ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਨੌਜਵਾਨ ਘਰੋਂ ਫਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਲਾਇਸੈਂਸ ਵੀ ਰੱਦ ਕੀਤੇ ਜਾਣਗੇ।

 


author

shivani attri

Content Editor

Related News