ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

Friday, Aug 13, 2021 - 11:01 AM (IST)

ਫ਼ਰੀਦਕੋਟ (ਰਾਜਨ): ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਨਿਵਾਸੀ ਇਕ ਪਰਿਵਾਰ ਨੂੰ ਮੁੰਡੇ ਦਾ ਵਿਆਹ ਕਰ ਕੇ ਵਿਦੇਸ਼ ਭੇਜਣ ਦੀ ਲਾਲਸਾ ਉਸ ਵੇਲੇ ਮਹਿੰਗੀ ਪੈ ਗਈ, ਜਦੋਂ 19 ਲੱਖ ਖਰਚਣ ਦੇ ਬਾਵਜੂਦ ਨਾ ਤਾਂ ਵਿਆਹ ਤੋਂ ਬਾਅਦ ਮੁੰਡਾ ਵਿਦੇਸ਼ ਜਾ ਸਕਿਆ ਅਤੇ ਨਾ ਹੀ ਖਰਚ ਕੀਤੀ ਗਈ ਰਾਸ਼ੀ ਵਾਪਸ ਮਿਲੀ। ਠੱਗੀ ਦਾ ਸ਼ਿਕਾਰ ਹੋਏ ਮਲਕੀਤ ਸਿੰਘ ਪਿੰਡ ਪੱਖੀ ਕਲਾਂ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਸਵਰਨਦੀਪ ਸਿੰਘ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਜਗਤਾਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਪਿੰਡ ਬਿਸ਼ਨੰਦੀ ਜਿਸ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਹੈ, ਨੇ ਜਦੋਂ ਉਸ ਨੂੰ ਇਹ ਕਿਹਾ ਕਿ ਉਸਦੇ ਮੁੰਡੇ ਗੁਰਵਿੰਦਰ ਸਿੰਘ ਲਈ ਇਕ ਕੁੜੀ ਜੋ ਵਿਦੇਸ਼ ’ਚ ਰਹਿੰਦੀ ਹੈ, ਧਿਆਨ ’ਚ ਹੈ। ਉਹ ਇਸ ਕੁੜੀ ਦਾ ਵਿਆਹ ਗੁਰਵਿੰਦਰ ਸਿੰਘ ਨਾਲ ਕਰਵਾ ਦੇਵੇਗਾ, ਜਿਸ ਨਾਲ ਉਹ ਵੀ ਵਿਦੇਸ਼ ਚਲਾ ਜਾਵੇਗਾ।

ਇਹ ਵੀ ਪੜ੍ਹੋ :  ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ

ਉਹ ਝਾਂਸੇ ’ਚ ਆ ਗਿਆ ਅਤੇ ਉਸਨੇ ਕੁੜੀ ਨਵਨੀਤ ਕੌਰ ਦਾ ਵਿਦੇਸ਼ ’ਚ ਪੜ੍ਹਾਈ ਦਾ ਸਾਰਾ ਖਰਚ ਅਤੇ ਗੁਰਵਿੰਦਰ ਸਿੰਘ ਦੀ ਵਿਦੇਸ਼ ਜਾਣ ਦੇ ਫ਼ਾਈਲ ਖਰਚ ਤੋਂ ਇਲਾਵਾ ਵਿਆਹ ’ਤੇ ਵੀ ਸਾਰਾ ਖਰਚ ਕਰਨ ਦੀ ਸ਼ਰਤ ਮੰਨ ਲਈ। ਉਪਰੰਤ ਜਦੋਂ ਨਵਨੀਤ ਕੌਰ ਭਾਰਤ ਆ ਗਈ ਤਾਂ 15 ਅਕਤੂਬਰ 2018 ’ਚ ਉਸ ਨੇ ਆਪਣੇ ਮੁੰਡੇ ਗੁਰਵਿੰਦਰ ਸਿੰਘ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਨਵਨੀਤ ਕੌਰ ਨੂੰ ਮੁੜ ਵਿਦੇਸ਼ ਭੇਜਣ ਦੀ ਟਿਕਟ ਤੋਂ ਇਲਾਵਾ ਵਿਦੇਸ਼ ’ਚ ਚੱਲ ਰਹੀ ਉਸਦੀ ਪੜ੍ਹਾਈ ਦੇ ਖਰਚੇ ਵਜੋਂ ਉਸ ਨੇ ਚੈੱਕਾਂ ਅਤੇ ਮਨੀ ਟਰਾਂਸਫਰ ਰਾਹੀਂ ਪੈਸੇ ਦੇਣ ਤੋਂ ਇਲਾਵਾ ਆਪਣੇ ਮੁੰਡੇ ਗੁਰਵਿੰਦਰ ਸਿੰਘ ਨੂੰ ਵਿਦੇਸ਼ ਭੇਜਣ ਲਈ ਫਾਈਲ ਲਾਉਣ ਵਾਸਤੇ ਵੀ ਪੈਸੇ ਭੇਜ ਦਿੱਤੇ ਪਰ ਅਜੇ ਤੱਕ ਨਵਨੀਤ ਕੌਰ ਨੇ ਨਾ ਤਾਂ ਉਸਦੇ ਮੁੰਡੇ ਨੂੰ ਹੀ ਵਿਦੇਸ਼ ਬੁਲਾਇਆ ਅਤੇ ਨਾ ਹੀ ਉਸ ਕੋਲੋਂ ਲਈ ਗਈ 19 ਲੱਖ ਰੁਪਏ ਦੀ ਰਾਸ਼ੀ ਵਾਪਸ ਕੀਤੀ। ਇਸ ਸ਼ਿਕਾਇਤ ਦੀ ਪੜਤਾਲ ਐੱਸ. ਐੱਸ. ਪੀ. ਵੱਲੋਂ ਕਵਾਉਣ ਉਪਰੰਤ ਥਾਣਾ ਸਦਰ ਵਿਖੇ ਨਵਨੀਤ ਕੌਰ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਵਾਸੀ ਪਿੰਡ ਲੱਲੇ ਜ਼ਿਲ੍ਹਾ ਫ਼ਿਰੋਜ਼ਪੁਰ, ਜਸਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਤੇ ਜਗਤਾਰ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਬਿਸ਼ਨੰਦੀ ’ਤੇ ਧਾਰਾ 420/406/120ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸੰਨੀ ਦਿਓਲ ਦਾ ਪੱਤਰ ਬਣਿਆ ਚਰਚਾ ਦਾ ਵਿਸ਼ਾ, ਵਿਧਾਇਕ ਦੀ ਕੁੜੀ ਲਈ ਥਾਰ ਗੱਡੀ ਦੀ ਕੀਤੀ ਸੀ ਸਿਫਾਰਿਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?


Shyna

Content Editor

Related News