ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ

07/08/2020 1:48:46 PM

ਕਲਾਨੌਰ (ਮਨਮੋਹਨ)— ਇਥੋਂ ਦੇ ਕਸਬਾ 'ਚ ਉਸ ਸਮੇਂ ਇਕ ਲਾੜੇ ਦੇ ਸਾਰੇ ਚਾਅ ਅਧੂਰੇ ਰਹਿ ਗਏ ਜਦੋਂ ਉਸ ਨੂੰ ਬਿਨਾਂ ਲਾੜੀ ਦੇ ਹੀ ਘਰ ਵਾਪਸ ਮੁੜਨਾ ਪਿਆ। ਸਰਹੱਦੀ ਕਸਬਾ ਕਲਾਨੌਰ ਵਿਖੇ ਬੀਤੇ ਦਿਨ ਇਕ ਵਿਆਹ ਸਮਾਗਮ 'ਚ ਜਦੋਂ ਬਰਾਤ ਬੂਹੇ 'ਤੇ ਪਹੁੰਚੀ ਤਾਂ ਦੁਲਹਨ ਹੀ ਘਰੋਂ ਗਾਇਬ ਹੋ ਗਈ।

ਇਸ ਸਬੰਧੀ ਲਾੜਾ ਰਵੀ ਕੁਮਾਰ ਪੁੱਤਰ ਕਾਲਾ ਵਾਸੀ ਸਰਨਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਮੰਗਲਵਾਰ ਨੂੰ ਸਰਨਾ (ਪਠਾਨਕੋਟ) ਤੋਂ ਬਰਾਤ ਲੈ ਕੇ ਕਲਾਨੌਰ ਪਹੁੰਚੇ ਸੀ ਅਤੇ ਜਦੋਂ ਅਸੀਂ ਕਲਾਨੌਰ ਪਹੁੰਚੇ ਤਾਂ ਵਿਆਹ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਹੀ ਕਿਸੇ ਹੋਰ ਨਾਲ ਵਿਆਹ ਵਾਲੇ ਘਰੋਂ ਲਾੜੀ ਗਾਇਬ ਹੋ ਗਈ, ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਅਤੇ ਅਸੀਂ ਪੁਲਸ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਸਬੰਧੀ ਕੁੜੀ ਦੇ ਪਿਓ ਬਿੱਟੂ ਪੁੱਤਰ ਸੋਹਨ ਵਾਸੀ ਕਲਾਨੌਰ ਨੇ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੀ ਕੁੜੀ ਆਸ਼ਾ ਦਾ ਮੰਗਲਵਾਰ ਨੂੰ ਵਿਆਹ ਸੀ, ਅਸੀਂ ਬਜ਼ਾਰ ਸੌਦਾ ਲੈਣ ਗਏ ਹੋਏ ਸੀ ਤਾਂ ਸਾਡੀ ਗੈਰ-ਹਾਜ਼ਰੀ 'ਚ ਮੇਰੀ ਦੂਜੀ ਲੜਕੀ ਅਤੇ ਜਵਾਈ ਨੇ ਦੁਲਹਨ ਬਣੀ ਲੜਕੀ ਨੂੰ ਗਾਇਬ ਕਰ ਦਿੱਤਾ ਹੈ ਜਾਂ ਉਸ ਨੂੰ ਕਿਸੇ ਹੋਰ ਨਾਲ ਭਜਾ ਦਿੱਤਾ ਹੈ, ਜਿਸ ਨਾਲ ਸਾਨੂੰ ਬਹੁਤ ਸ਼ਰਮਿੰਦਗੀ ਅਤੇ ਬੇਇਜ਼ਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਲਿਖਤੀ ਦਰਖ਼ਾਸਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਅਤੇ ਮੇਰੀ ਲੜਕੀ ਨੂੰ ਲੱਭ ਕੇ ਵਾਪਸ ਮੇਰੇ ਹਵਾਲੇ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਇਸ ਸਾਰੇ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐੱਸ. ਆਈ. ਬਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News