ਫੇਰਿਆਂ ਤੋਂ ਪਹਿਲਾਂ ਪਹੁੰਚੀ ਪੁਲਸ ਨੇ ਰੁਕਵਾਇਆ ਵਿਆਹ, ਜਾਣੋ ਕੀ ਹੈ ਮਾਮਲਾ

07/07/2019 6:01:48 PM

ਲੁਧਿਆਣਾ (ਮਹੇਸ਼) : ਸਲੇਮ ਟਾਬਰੀ ਦੀ ਪੁਲਸ ਦੀ ਚੌਕਸੀ ਨਾਲ ਪੰਜਾਬੀ ਬਾਗ ਕਾਲੋਨੀ ਵਿਚ ਹੋਣ ਜਾ ਰਿਹਾ ਇਕ ਬਾਲ ਵਿਆਹ ਰੁਕ ਗਿਆ। ਪੁਲਸ ਨੇ ਵਿਆਹ ਕਰਨ ਵਾਲੇ ਲੜਕੀ ਦੇ ਮਾਤਾ-ਪਿਤਾ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਫੜ ਕੇ ਥਾਣੇ ਲੈ ਆਏ। ਪੁਲਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਨੀਵਾਰ ਨੂੰ ਉਕਤ ਇਲਾਕੇ ਵਿਚ ਇਕ ਨਾਬਾਲਗ ਲੜਕੀ ਦਾ ਵਿਆਹ ਹੋ ਰਿਹਾ ਹੈ। 181 'ਤੇ ਸ਼ਿਕਾਇਤ ਕਰਨ ਵਾਲੀ ਕੋਈ ਹੋਰ ਨਹੀਂ, ਸਗੋਂ ਲੜਕੀ ਦੀ ਚਾਚੀ ਸੀ। ਇਸ 'ਤੇ ਪੁਲਸ ਤਤਕਾਲ ਹਰਕਤ ਵਿਚ ਆ ਗਈ ਅਤੇ ਫੇਰਿਆਂ ਦੀ ਰਸਮ ਹੋਣ ਤੋਂ ਪਹਿਲਾਂ ਹੀ ਮੌਕੇ 'ਤੇ ਪੁੱਜ ਕੇ ਵਿਆਹ ਰੁਕਵਾ ਦਿੱਤਾ।

ਥਾਣਾ ਮੁਖੀ ਇੰਸਪੈਕਟਰ ਵਿਜੇ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਖੁਦ ਪੁਲਸ ਦਲ ਦੇ ਨਾਲ ਮੌਕੇ 'ਤੇ ਪੁੱਜੇ। ਮੁਹੱਲੇ ਵਿਚ ਹੀ ਪੰਡਾਲ ਸਜਿਆ ਹੋਇਆ ਸੀ। ਬਾਰਾਤ ਪੁੱਜ ਚੁੱਕੀ ਸੀ। ਫੇਰਿਆਂ ਤੋਂ ਪਹਿਲਾਂ ਮਿਲਣੀ ਆਦਿ ਦੀਆਂ ਰਸਮਾਂ ਹੋ ਚੁੱਕੀਆਂ ਸਨ। ਲੜਕੀ ਦੇ ਮਾਤਾ-ਪਿਤਾ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਇਸੇ ਦੌਰਾਨ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਰਸ਼ਮੀ ਵੀ ਆਪਣੀ ਟੀਮ ਦੇ ਨਾਲ ਪੁੱਜ ਗਈ। ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲੇ ਲੜਕੀ ਦੇ ਬਾਲਗ ਹੋਣ ਦਾ ਕੋਈ ਸਬੂਤ ਨਹੀਂ ਦੇ ਸਕੇ ਅਤੇ ਜੋ ਸਬੂਤ ਦਿੱਤਾ, ਉਹ ਪੁਲਸ ਲਈ ਨਾਕਾਫੀ ਸੀ। ਉਹ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਲੜਕੀ ਬਾਲਗ ਹੈ ਅਤੇ ਚਾਚੀ ਨੇ ਝੂਠੀ ਸ਼ਿਕਾਇਤ ਕੀਤੀ ਹੈ ਕਿਉਂਕਿ ਉਸ ਦੇ ਨਾਲ ਉਨ੍ਹਾਂ ਦੀ ਬਣਦੀ ਨਹੀਂ ਹੈ ਪਰ ਬਾਅਦ ਵਿਚ ਜਦੋਂ ਪੁਲਸ ਅਤੇ ਬਾਲ ਸੁਰੱਖਿਆ ਅਧਿਕਾਰੀ ਨੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਗੱਲ ਕਹੀ ਤਾਂ ਪਰਿਵਾਰ ਵਾਲਿਆਂ ਨੇ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਉਹ ਲਿਖਤ ਵਿਚ ਦੇਣ ਲਈ ਤਿਆਰ ਹੋ ਗਏ। ਉਹ ਲੜਕੀ ਦਾ ਵਿਆਹ ਨਹੀਂ ਕਰਨਗੇ।

ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੜਕਾ 2 ਗਲੀਆਂ ਛੱਡ ਕੇ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਲੜਕਾ ਅਤੇ ਲੜਕੀ ਵਿਚ ਪਿਛਲੇ ਸਾਲ ਤੋਂ ਪ੍ਰੇਮ ਸਬੰਧ ਸਨ। ਕਰੀਬ 3 ਮਹੀਨੇ ਪਹਿਲਾਂ ਵਿਆਹ ਦੀ ਨੀਅਤ ਨਾਲ ਦੋਵੇਂ ਘਰੋਂ ਭੱਜ ਗਏ ਸਨ ਪਰ ਬੱਸ ਅੱਡੇ ਦੇ ਕੋਲ ਫੜੇ ਗਏ ਤਾਂ ਦੋਵਾਂ ਪਰਿਵਾਰਾਂ ਨੇ ਇਨ੍ਹਾਂ ਦਾ ਵਿਆਹ 6 ਜੁਲਾਈ ਨੂੰ ਤੈਅ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਚੱਲ ਰਹੀ ਹੈ। ਉੱਚ ਅਧਿਕਾਰੀਆਂ ਦੇ ਧਿਆਨ ਵਿਚ ਕੇਸ ਲਿਆ ਦਿੱਤਾ ਗਿਆ ਹੈ ਜਿਵੇਂ ਹੁਕਮ ਹੋਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News