ਵਿਆਹ ਦਾ ਚਾਅ ਇਕ ਪਾਸੇ, ਕਿਸਾਨ ਅੰਦੋਲਨ ਇਕ ਪਾਸੇ, ਲਾੜੇ ਦਾ ਐਲਾਨ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ
Tuesday, Jan 26, 2021 - 09:37 PM (IST)
ਸਾਦਿਕ (ਪਰਮਜੀਤ)- ਦਿੱਲੀ ਵਿਖੇ ਧਰਨੇ 'ਤੇ ਬੈਠੇ ਕਿਸਾਨ ਦੀ ਜਿੱਤ ਲਈ ਆਪਣਾ-ਆਪਣਾ ਯੋਗਦਾਨ ਪਾ ਰਹੇ ਲੋਕਾਂ ਵਿਚ ਉਤਸ਼ਾਹ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਹੁਣ ਹਰ ਖੁਸ਼ੀ ਦੇ ਮੌਕੇ 'ਤੇ ਵੀ ਕਿਸਾਨੀ ਸੰਘਰਸ਼ ਹੀ ਦਿਖਾਈ ਦਿੰਦਾ ਹੈ। ਸਾਦਿਕ ਨੇੜੇ ਪਿੰਡ ਬੀਹਲੇਵਾਲਾ ਦੇ ਸਮਾਜ ਸੇਵਾ ਵਿਚ ਮੂਹਰੀ ਭੂਮਕਾ ਨਿਭਾਉਣ ਵਾਲੇ ਇਕਬਾਲ ਸਿੰਘ ਸੇਖੋਂ ਦੇ ਪਰਿਵਾਰ ਵੱਲੋਂ ਹੋਰ ਹੰਭਲਾ ਮਾਰਿਆ ਗਿਆ ਹੈ। ਉਨ੍ਹਾਂ ਦੇ ਭਤੀਜੇ ਸ਼ਮਿੰਦਰ ਸਿੰਘ ਸੇਖੋਂ ਪੁੱਤਰ ਰਛਪਾਲ ਸਿੰਘ ਦੀ ਸ਼ਾਦੀ ਹਰਰਾਏਪੁਰ ਦੀ ਅਮਨਪ੍ਰੀਤ ਕੌਰ ਨਾਲ ਤੈਅ ਹੋਈ ਸੀ ਤੇ ਪਿੰਡੋਂ ਬਰਾਤ ਜਾਣੀ ਸੀ। ਪਰਿਵਾਰ ਨੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਦਿਵਾਈ ਕੇ ਕੋਈ ਵੀ ਕਿਸਾਨ ਟ੍ਰੈਕਟਰ ਲੈ ਕੇ ਦਿੱਲੀ 26 ਜਨਵਰੀ ਦੀ ਕਿਸਾਨ ਪਰੇਡ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਸ਼ਾਦੀ ਦੀ ਖੁਸ਼ੀ ਵਿਚ ਹਰ ਟਰੈਕਟਰ ਨੂੰ ਡੀਜ਼ਲ ਅਤੇ ਹੋਰ ਖਰਚ ਲਈ ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ | ਜਿਸ 'ਤੇ ਸੱਤ ਟਰੈਕਟਰ ਮਾਲਕਾਂ ਨੇ ਜਾਣ ਦੀ ਇੱਛਾ ਪ੍ਰਗਟ ਕੀਤੀ। ਇਸ 'ਤੇ ਲਾੜੇ ਵੱਲੋਂ ਬਾਰਾਤ ਚੜ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਨਗਦੀ ਦੇ ਕੇ ਜਿੱਤ ਦੀ ਅਰਦਾਸ ਉਪਰੰਤ ਵਿੱਦਾ ਕੀਤਾ ਗਿਆ।
ਇਹ ਵੀ ਪੜ੍ਹੋ : ਕਿਸਾਨ ਪਰੇਡ 'ਤੇ 'ਜਗ ਬਾਣੀ' ਦੀ ਵੱਡੀ ਕਵਰੇਜ਼, ਦੇਖੋ ਪੰਜ ਪੱਤਰਕਾਰ ਲਾਈਵ
ਵਿਆਹ ਵਾਲਾ ਲਾੜਾ ਹੱਥ ਵਿਚ ਕਿਸਾਨੀ ਝੰਡਾ ਲੈ ਕੇ ਬਰਾਤ ਲੈ ਕੇ ਨਿਕਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਜਗਮੀਤ ਸਿੰਘ ਸੇਖੋਂ ਯੂ.ਕੇ ਦੀ ਦਿਲੀ ਇੱਛਾ ਸੀ ਕਿ ਸੰਘਰਸ਼ ਵਿਚ ਯੋਗਦਾਨ ਪਾਇਆ ਜਾਵੇ। ਅਸੀਂ 20 ਟਰੈਕਟਰ ਭੇਜਣ ਦਾ ਟੀਚਾ ਸੋਚਿਆ ਸੀ ਪਰ ਸੱਤ ਟਰੈਕਟਰ ਪਿੰਡ ਵਿਚ ਤਿਆਰ ਹੋਏ। ਇਸ ਮੌਕੇ ਬਲੌਰ ਸਿੰਘ ਢਿੱਲੋਂ, ਸੂਰਤ ਸਿੰਘ , ਲਖਵੀਰ ਸਿੰਘ ਫੌਜੀ, ਜਸਕਰਨ ਸਿੰਘ ਤੇ ਪਿੰਡ ਵਾਸੀ ਵੀ ਹਾਜ਼ਰ ਸਨ |
ਇਹ ਵੀ ਪੜ੍ਹੋ : ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।