ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਲੁੱਟਣ ਵਾਲੇ ਗਿਰੋਹ ਬੇਨਕਾਬ
Saturday, Sep 04, 2021 - 06:26 PM (IST)
ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਦੀ ਪੁਲਸ ਨੇ ਇਕ ਅਜਿਹੇ ਗਿਰੋਹ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ਜੋ ਭੋਲੇ ਭਾਲੇ ਲੋਕਾਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਲੁੱਟਦੇ ਸਨ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਦਿਸੋਰ ਖੇੜੀ ਥਾਣਾ ਅਸੋਦਾ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਨੇ ਦੱਸਿਆ ਕਿ ਇਕ ਦਿਨ ਉਹ ਅੱਡਾ ਦੇਵੀਗੜ੍ਹ ਵਿਖੇ ਇਕ ਚਾਹ ਦੀ ਦੁਕਾਨ ’ਤੇ ਚਾਹ ਪੀ ਰਿਹਾ ਸੀ ਤਾਂ ਉਥੇ ਪਹਿਲਾਂ ਹੀ ਕੁਝ ਵਿਅਕਤੀ ਬੈਠੇ ਸਨ ਜੋ ਕਿ ਵਿਆਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਉਸ ਨੇ ਵੀ ਆਪਣਾ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਕ ਗਰੀਬ ਕੁੜੀ ਹੈ ਜੇਕਰ ਉਸ ਦੀ 1.50 ਲੱਖ ਦੀ ਮਦਦ ਕੀਤੀ ਜਾਵੇ ਤਾਂ ਉਹ ਉਸ ਨਾਲ ਵਿਆਹ ਕਰ ਲਵੇਗੀ।
ਉਸ ਨੇ ਡੇਢ ਲੱਖ ਦੇ ਕੇ ਵੀਰਪਾਲ ਕੌਰ ਨਾਲ ਵਿਆਹ ਕਰ ਲਿਆ ਪਰ ਕੁਝ ਦਿਨ ਬਾਅਦ ‘ਚ ਵੀਰਪਾਲ ਕੌਰ ਆਪਣੀ ਮਾਂ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ 20 ਹਜ਼ਾਰ ਰੁਪਏ ਹੋਰ ਲੈ ਕੇ ਘਰੋਂ ਚਲੀ ਗਈ ਜੋ ਕਿ ਬਾਅਦ ’ਚ ਵਾਪਸ ਨਹੀਂ ਆਈ। ਮੁਦਈ ਨੂੰ ਬਾਅਦ ’ਚ ਪਤਾ ਲੱਗਾ ਕਿ ਦੋਸ਼ੀਆਂ ਨੇ ਇਕ ਗਿਰੋਹ ਬਣਾਇਆ ਹੈ ਜੋ ਕਿ ਭਾਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਲੈ ਕੇ ਲੋਕਾਂ ਨੂੰ ਲੁੱਟਦੇ ਹਨ। ਥਾਣਾ ਜੁਲਕਾਂ ਦੀ ਪੁਲਸ ਨੇ ਨਵੀਨ ਕੁਮਾਰ ਦੇ ਬਿਆਨਾਂ ’ਤੇ ਉਮਾ ਪਤਨੀ ਰਿਸ਼ੀਪਾਲ ਵਾਸੀ ਪਾਵਲਾ ਥਾਣਾ ਡਾਂਡ ਜ਼ਿਲ੍ਹਾ ਕੈਥਲ ਹਰਿਆਣਾ, ਰਣਬੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨਾਭਾ, ਲੀਲੋ ਵਾਸੀ ਕਨਸਾਲਾ ਜ਼ਿਲ੍ਹਾ ਰੋਹਤਕ, ਸੰਤੋਸ਼, ਅੰਕੁਰ ਵਾਸੀਆਨ ਘਰੋਂਡਾ ਜ਼ਿਲ੍ਹਾ ਪਾਣੀਪਤ, ਚਰਨ ਦਾਸ ਤੇ ਉਸ ਦੀ ਪਤਨੀ, ਵਾਸੀਆਨ ਪਹੇਵਾ ਅਤੇ ਵੀਰਪਾਲ ਕੌਰ ਵਾਸੀ ਜਸਪਾਲ ਕਾਲੋਨੀ ਪਟਿਆਲਾ ਵਿਰੁੱਧ ਧਾਰਾ 420, 379, 384, 506, 120 ਬੀ, ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 158 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।