ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪੇ

Saturday, Jun 17, 2023 - 06:29 PM (IST)

ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪੇ

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਕਾਲੀਏਵਾਲਾ ਕਰਮੂਕਾ ਨਿਵਾਸੀ ਹਰਜੀਤ ਸਿੰਘ ਨੂੰ ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਉਸਦੀ ਪਤਨੀ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਆਦਿ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਪਰਮਜੀਤ ਕੌਰ ਬਰਾੜ ਹਾਲ ਅਮਰੀਕਾ, ਉਸ ਦੇ ਸਹੁਰੇ ਕਰਮਜੀਤ ਸਿੰਘ ਬਰਾੜ ਅਤੇ ਸੱਸ ਰਣਜੀਤ ਕੌਰ ਬਰਾੜ ਸਾਰੇ ਨਿਵਾਸੀ ਪਿੰਡ ਵੈਰੋਕੇ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਜੀਤ ਸਿੰਘ ਨੇ ਕਿਹਾ ਕਿ ਉਸਦਾ ਵਿਆਹ ਸਾਲ 2022 ਵਿਚ ਪਰਮਜੀਤ ਕੌਰ ਨਿਵਾਸੀ ਪਿੰਡ ਵੈਰੋਕੇ ਹਾਲ ਅਮਰੀਕਾ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਹੋਇਆ ਸੀ।

ਵਿਆਹ ਸਮੇਂ ਅਸੀਂ 25 ਲੱਖ ਰੁਪਏ ਬੈਂਕ ਰਾਹੀਂ ਉਸ ਨੂੰ ਦਿੱਤੇ। ਪੰਜ ਲੱਖ ਰੁਪਏ ਨਕਦ, 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਦੇ ਇਲਾਵਾ ਅਸੀਂ ਦੋ ਏਕੜ ਜ਼ਮੀਨ ਦੀ ਰਜਿਸਟਰੀ ਵੀ ਉਨ੍ਹਾਂ ਨਾਮ ਕਰਾ ਦਿੱਤੀ ਪਰ ਵਿਆਹ ਤੋਂ ਬਾਅਦ ਪਰਮਜੀਤ ਕੌਰ ਅਮਰੀਕਾ ਚਲੀ ਗਈ ਅਤੇ ਉਸ ਨੇ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਲਦ ਹੀ ਪਰਮਜੀਤ ਕੌਰ ਹਰਜੀਤ ਸਿੰਘ ਨੂੰ ਅਮਰੀਕ ਲੈ ਜਾਵੇਗੀ ਪਰ ਉਹ ਉਸ ਨੂੰ ਅਮਰੀਕਾ ਨਹੀਂ ਲੈ ਕੇ ਗਈ ਅਤੇ ਨਾ ਹੀ ਖੁਦ ਵਾਪਸ ਆਈ। ਅਸੀਂ ਪੰਚਾਇਤ ਦੇ ਰਾਹੀਂ ਕਈ ਵਾਰ ਗੱਲ ਕਰਨ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਇਸ ਤਰ੍ਹਾਂ ਮੇਰੀ ਪਤਨੀ ਪਰਮਜੀਤ ਕੌਰ ਨੇ ਆਪਣੇ ਮਾਤਾ ਪਿਤਾ ਦੇ ਨਾਲ ਕਥਿਤ ਮਿਲੀਭੁਗਤ ਕਰਕੇ ਸਾਡੇ ਨਾਲ ਧੋਖਾ ਕੀਤਾ। ਜ਼ਿਲ੍ਹਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਐਂਟੀ ਹਿਊਮਨ ਟਰੈਫਕਿੰਗ ਸੈਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। 

ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਅਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲੇ ਵਿਚ ਕਾਨੂੰਨੀ ਰਾਏ ਹਾਸਲ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News