ਮਾਰਕਫੈੱਡ ਦੇ ਗੋਦਾਮ ’ਚੋਂ ਲੱਖਾਂ ਦੀ ਕਣਕ ਦਾ ਘਪਲਾ ਕਰਨ ਦੇ ਸ਼ੱਕ ’ਚ 5 ਗ੍ਰਿਫਤਾਰ

Sunday, Apr 23, 2023 - 05:06 PM (IST)

ਮਾਰਕਫੈੱਡ ਦੇ ਗੋਦਾਮ ’ਚੋਂ ਲੱਖਾਂ ਦੀ ਕਣਕ ਦਾ ਘਪਲਾ ਕਰਨ ਦੇ ਸ਼ੱਕ ’ਚ 5 ਗ੍ਰਿਫਤਾਰ

ਪਾਤੜਾਂ (ਮਾਨ) : ਮਾਰਕਫੈੱਡ ਏਜੰਸੀ ਪਾਤੜਾਂ ਕਣਕ ਦੇ ਗੋਦਾਮ ’ਚ ਦੇਰ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਕਣਕ ’ਚ ਘਪਲਾ ਕਰਨ ਲਈ ਕਣਕ ਦੇ ਨਵੇਂ ਥੈਲੇ ਤਿਆਰ ਕੀਤੇ ਜਾ ਰਹੇ ਸਨ, ਲੋਕਾਂ ਨੂੰ ਸੂਚਨਾ ਮਿਲਣ ’ਤੇ ਲੋਕਾਂ ਵੱਲੋਂ ਗੁਦਾਮ ’ਚ ਛਾਪਾ ਮਾਰਿਆ ਤਾਂ ਗੋਦਾਮ ’ਚ 11 ਦੇ ਕਰੀਬ ਮਜ਼ਦੂਰਾਂ ’ਚੋਂ 6 ਗੋਦਾਮ ਦੀਆਂ ਕੰਧਾਂ ਟੱਪ ਕੇ ਫਰਾਰ ਹੋ ਗਏ। ਲੋਕਾਂ ਨੇ 5 ਮਜ਼ਦੂਰਾਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਮਾਰਕਫੈੱਡ ਦੇ ਇੰਸਪੈਕਟਰ ਤੋਂ ਪੱਖ ਜਾਣਨ ਲਈ ਫੋਨ ਕਰਨ ’ਤੇ ਨਾ ਚੁੱਕਣ ਕਾਰਨ ਗੱਲ ਨਹੀਂ ਹੋ ਸਕੀ ਅਤੇ ਸਵਾਲਾਂ ਦੇ ਜਵਾਬ ਤੋਂ ਡਰਦਾ ਇੰਸਪੈਕਟਰ ਦਫਤਰ ’ਚੋਂ ਫਰਾਰ ਹੋ ਗਿਆ। ਸੂਤਰਾਂ ਅਨੁਸਾਰ ਇੰਸਪੈਕਟਰ ਕਥਿਤ ਤੌਰ ’ਤੇ ਲੱਖਾਂ ਰੁਪਏ ਦੇ ਕਣਕ ਘਪਲੇ ਨੂੰ ਰਫਾ-ਦਫਾ ਕਰਨ ’ਚ ਲੱਗਿਆ ਹੋਇਆ ਹੈ। ਜਿਹੜੇ ਲੋਕਾਂ ਵੱਲੋਂ ਗੋਦਾਮ ’ਚ ਛਾਪਾ ਮਾਰਿਆ ਗਿਆ ਸੀ, ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਕਣਕ ’ਚ ਵੱਡੇ ਘਪਲੇ ਕਰਨ ਲਈ ਕਣਕ ਗੋਦਾਮ ’ਚ ਪੁੱਜਣ ਦੀਆਂ ਜਾਅਲੀ ਪਰਚੀਆਂ ਦਿਖਾ ਕੇ ਕਣਕ ’ਚ ਹਰ ਸਾਲ ਕਰੋੜਾਂ ਰੁਪਏ ਦਾ ਘਪਲਾ ਕਰਕੇ ਆਪਣੀਆਂ ਜੇਬਾਂ ’ਚ ਪਾਏ ਜਾਂਦੇ ਹਨ। ਮਾਰਕੀਟ ’ਚ ਵੇਚੀ ਕਣਕ ਦੀ ਪੂਰਤੀ ਕਰਨ ਲਈ ਕਣਕ ਦੇ ਸਟਾਕ ’ਚ ਮਿਕਸ ਕਰਕੇ ਥੈਲੇ ਤਿਆਰ ਕੀਤੇ ਜਾਂਦੇ ਹਨ। ਥੈਲੇ ਪੂਰੇ ਕਰਨ ਲਈ ਥੈਲਿਆਂ ’ਚੋਂ ਕਣਕ ਕੱਢ ਕੇ ਥੈਲਿਆਂ ਦੀ ਗਿਣਤੀ ਵਧਾਈ ਜਾਂਦੀ ਹੈ।

ਇਸ ਘਪਲੇ ਨੂੰ ਜਨਤਕ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਾਲਿਆਂ ਨੇ ਦੱਸਿਆ ਕਿ ਸਾਡੇ ਵੱਲੋਂ ਕਈ ਦਿਨਾਂ ਤੋਂ ਮਾਰਕਫੈੱਡ ਦੇ ਗੋਦਾਮਾਂ ’ਤੇ ਨਿਗਾਹ ਰੱਖੀ ਜਾ ਰਹੀ ਸੀ। ਬੀਤੀ ਰਾਤ ਕਰੀਬ 11 ਵਜੇ ਮਿਲੀ ਸੂਚਨਾਂ ’ਤੇ ਜਦੋਂ ਅਸੀਂ ਆਪਣੇ ਸਾਥੀਆਂ ਸਮੇਤ ਗੋਦਾਮ ’ਚ ਜਾ ਕੇ ਵੇਖਿਆ ਤਾਂ ਰਾਤ ਨੂੰ ਇਕ ਦਰਜਨ ਦੇ ਕਰੀਬ ਮਜ਼ਦੂਰਾਂ ਵੱਲੋਂ ਨਵੇਂ ਕਣਕ ਦੇ ਥੈਲੇ ਤਿਆਰ ਕੀਤੇ ਜਾ ਰਹੇ ਸਨ। ਉਨ੍ਹਾਂ ਨੂੰ ਵੇਖ ਕੇ 6 ਵਿਅਕਤੀ ਗੋਦਾਮ ਦੀਆਂ ਕੰਧਾਂ ਟੱਪ ਕੇ ਫਰਾਰ ਹੋ ਗਏ ਅਤੇ 5 ਮਜ਼ਦੂਰਾਂ ਨੂੰ ਫੜ ਲਿਆ। ਜਦੋਂ ਕਿ ਫੜੇ ਹੋਏ ਕਥਿਤ 5 ਸ਼ੱਕੀ ਵਿਅਕਤੀਆਂ ਨੇ ਮੰਨਿਆ ਕਿ ਉਹ ਕਾਫੀ ਗਿਣਤੀ ਥੈਲੇ ਬਣਾ ਕੇ ਗੋਦਾਮ ’ਚ ਲਾ ਚੁੱਕੇ ਹਨ।

ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ। ਲੋਕਾਂ ਨੇ ਪੁਲਸ ਨੂੰ ਦਿਖਾਇਆ ਕਿ ਕਣਕ ਦੇ ਥੈਲਿਆਂ ਦੀ ਗਿਣਤੀ ਵਧਾਉਣ ਲਈ ਗੋਦਾਮਾਂ ਦੇ ਸਾਰੇ ਗੇਟ ਖੁੱਲ੍ਹੇ ਛੱਡ ਹੋਏ ਸਨ। ਅੰਦਰ ਨਵੇਂ ਖਾਲੀ ਥੈਲੇ ਅਤੇ ਕਣਕ ਭਰਨ ਲਈ ਬਾਲਟੀਆਂ ਅਤੇ ਹੋਰ ਸਾਮਾਨ ਵੀ ਲਿਆਂਦਾ ਗਿਆ ਸੀ। ਇਸ ਸਬੰਧੀ ਥਾਣਾ ਪਾਤੜਾਂ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਗੱਲ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਗੋਦਾਮ ’ਚੋਂ ਫੜ ਕੇ ਲਿਆਂਦੇ ਇਨ੍ਹਾਂ 5 ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਨੇ ਗੱਲ ਕਰਨ ’ਤੇ ਕਿਹਾ ਕਿ ਆਈ ਸ਼ਿਕਾਇਤ ਅਤੇ ਮਿਲੀਆਂ ਵੀਡੀਓਜ਼ ਨੂੰ ਦੇਖ ਕੇ ਇਸ ਮਾਮਲੇ ਦੀ ਪੜਤਾਲ ਉੱਪ ਮੰਡਲ ਮੈਜਿਸਟ੍ਰੇਟ ਪਾਤੜਾਂ ਨੂੰ ਸੌਂਪੀ ਹੈ। ਉਨ੍ਹਾਂ ਵੱਲੋਂ ਜਾਂਚ ਕਰ ਕੇ ਰਿਪੋਰਟ ਕੀਤੇ ਜਾਣ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News