ਮਾਰਕਫੈੱਡ ਦਾ ਮੈਨੇਜਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

11/29/2018 10:30:39 AM

ਪਟਿਆਲਾ (ਬਲਜਿੰਦਰ, ਅਵਤਾਰ)—ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ  ਮਾਰਕਫੈੱਡ ਦੇ ਮੈਨਜਰ-ਕਮ-ਸਹਾਇਕ ਖੇਤਰੀ ਅਫਸਰ ਸੰਦੀਪ ਸ਼ਰਮਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਪਟਿਆਲਾ ਨੇ  ਸੰਦੀਪ ਸ਼ਰਮਾ ਦੇ ਨਾਲ-ਨਾਲ ਇਸ ਮਾਮਲੇ ਵਿਚ ਡੀ. ਐੱਮ. ਵਿਸ਼ਾਲ ਗੁਪਤਾ ਖਿਲਾਫ ਵੀ 7 ਪੀ. ਸੀ. ਐਕਟ ਅਤੇ 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਕੋਲ ਜਸਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਦੁਰਗਾਪੁਰ ਤਹਿਸੀਲ ਨਾਭਾ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸ਼ੈਲਰ ਵਿਚ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਪੈਡੀ ਸਟੋਰ ਕੀਤੀ ਗਈ ਹੈ। ਇਸ ਬਦਲੇ 2 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੈਨੇਜਰ ਤੇ ਡੀ. ਐੱਮ. ਵੱਲੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਬਾਅਦ ਵਿਚ ਦੋਵੇਂ 50 ਹਜ਼ਾਰ ਰੁਪਏ ਲੈਣ ਲਈ ਰਾਜ਼ੀ ਹੋ ਗਏ। ਵਿਜੀਲੈਂਸ ਨੇ ਇਸ ਮਾਮਲੇ ਦੀ ਮਿਲੀ ਸ਼ਿਕਾਇਤ ਮੁਤਾਬਕ ਟਰੈਪ ਲਾ ਕੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੈਨੇਜਰ ਸੰਦੀਪ ਸ਼ਰਮਾ ਨੂੰ ਸਰਕਾਰੀ ਅਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ ਵਿਚ ਜਸਵੀਰ ਸਿੰਘ ਦੇ ਘਰ ਭਾਦਸੋਂ ਤੋਂ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਨੇ ਦਾਅਵਾ ਕੀਤਾ ਕਿ ਡੀ. ਐੱਮ. ਵਿਸ਼ਾਲ ਗੁਪਤਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਸ ਲਈ ਵਿਜੀਲੈਂਸ ਵੱਲੋਂ ਥਾਂ-ਥਾਂ 'ਤੇ ਰੇਡ ਕੀਤੀ ਜਾ ਰਹੀ ਹੈ। ਮੈਨੇਜਰ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਵਿਚ ਏ. ਐੱਸ. ਆਈ. ਪਵਿੱਤਰ ਸਿੰਘ, ਏ. ਐੱਸ. ਆਈ. ਕੁੰਦਨ ਸਿੰਘ, ਸ਼ਾਮ ਸੁੰਦਰ, ਕਾਰਜ ਸਿੰਘ ਅਤੇ ਹਰਮੀਤ ਸਿੰਘ ਵੀ ਸ਼ਾਮਲ ਸਨ।


Shyna

Content Editor

Related News