ਕੋਰੋਨਾ ਮਹਾਮਾਰੀ ਤੋਂ ਬੇਖ਼ੌਫ ਲੋਕਾਂ ਵੱਲੋਂ ਬਾਜ਼ਾਰਾਂ ’ਚ ਭੀੜ
Tuesday, May 18, 2021 - 08:07 PM (IST)
ਭਵਾਨੀਗੜ੍ਹ (ਕਾਂਸਲ) : ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਭਾਵੇ ਸੂਬਾ ਸਰਕਾਰ ਨੇ ਮਿੰਨੀ ਲਾਕਡਾਊਨ ਦੀ ਮਿਆਦ ’ਚ 31 ਮਈ ਤੱਕ ਵਾਧਾ ਕਰ ਦਿੱਤਾ ਹੈ। ਸਥਾਨਕ ਸ਼ਹਿਰ ਵਿਖੇ ਕੋਰੋਨਾ ਮਹਾਮਾਰੀ ਤੋਂ ਬੇਖੋਫ ਲੋਕਾਂ ਵੱਲੋਂ ਬਾਜ਼ਾਰਾਂ ’ਚ ਪਹਿਲਾਂ ਨਾਲੋਂ ਵੀ ਜ਼ਿਆਦਾ ਭੀੜ ਕਰਕੇ ਸਮਾਜਕ ਦੂਰੀ ਅਤੇ ਮਿੰਨੀ ਲਾਕਡਾਊਨ ਦੇ ਸਾਰੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸ਼ਨੀਵਾਰ ਅਤੇ ਐਤਵਾਰ ਦੇ ਮੁਕੰਮਲ ਲਾਕਡਾਊਨ ਤੋਂ ਬਾਅਦ ਸਥਾਨਕ ਸ਼ਹਿਰ ਵਿਖੇ ਨਵੀਆਂ ਗਾਈਡਲਾਈਨਜ਼ ਦੀ ਪਾਲਣਾ ਪ੍ਰਤੀ ਲੋਕ ਕਿੰਨੇ ਕੁ ਸੁਚੇਤ ਹਨ, ਸੰਬੰਧੀ ਕੀਤੇ ਗਏ ਦੌਰੇ ਦੌਰਾਨ ਦੇਖਿਆ ਗਿਆ ਕਿ ਬਾਜ਼ਾਰ ’ਚ ਸੜਕ ’ਤੇ ਮੇਲੇ ਵਾਂਗ ਭੀੜ ਜੁੱਟੀ ਹੋਈ ਸੀ ਪਰ ਦੂਜੇ ਪਾਸੇ ਆਲਮ ਇਹ ਵੀ ਬਹੁਤ ਅਜੀਬ ਸੀ ਕਿ ਬਾਜ਼ਾਰ ’ਚ ਦੁਕਾਨਾਂ ਖਾਲੀ ਪਈਆਂ ਸਨ ਅਤੇ ਦੁਕਾਨਾਂ ’ਚ ਗਾਹਕ ਨਾ ਹੋਣ ਕਾਰਨ ਦੁਕਾਨਦਾਰ ਵੇਹਲੇ ਅਤੇ ਉਦਾਸ ਬੈਠੇ ਸਨ ਅਤੇ ਰੇਹੜੀਆਂ ਵਾਲੇ ਵੇਹਲੇ ਹੀ ਖੜ੍ਹੇ ਨਜ਼ਰ ਆ ਰਹੇ ਸਨ।
ਸਰਕਾਰ ਵੱਲੋਂ ਦੋ ਪਹੀਆਂ ਵਾਹਨਾਂ ’ਤੇ ਇਕ ਵਿਅਕਤੀ ਨੂੰ ਹੀ ਘੁੰਮਣ ਦੀ ਇਜਾਜਤ ਹੈ ਪਰ ਬਾਜ਼ਾਰ ਅਤੇ ਸੜਕਾਂ ’ਤੇ ਦੋ ਪਹੀਆਂ ਵਾਹਨਾਂ ’ਤੇ ਤਿੰਨ-ਤਿੰਨ ਲੋਕ ਸਵਾਰ ਹੋ ਕੇ ਘੁੰਮ ਰਹੇ ਹਨ ਜਿਨ੍ਹਾਂ ’ਚ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਬੁੱਧੀਜੀਵੀਆ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਥੇ ਲੋਕਾਂ ਨੂੰ ਭੀੜ ਕਰਨ ਤੋਂ ਨਾ ਰੋਕਿਆਂ ਤਾਂ ਸ਼ਹਿਰ ’ਚ ਕੋਰੋਨਾ ਨਾਲ ਸਥਿਤੀ ਬੇਹਾਲ ਹੋ ਸਕਦੀ ਹੈ। ਬਲਾਕ ’ਚ ਰੋਜਾਨਾ ਕੋਰੋਨਾ ਦੇ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਉਣਾ ਵੱਡੇ ਖਤਰੇ ਦਾ ਸੰਕੇਤ ਹੈ। ਇਸ ਲਈ ਪ੍ਰਸ਼ਾਸਨ ਨੂੰ ਇਥੇ ਪੂਰੀ ਸਖ਼ਤੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬਾਜ਼ਾਰ ਦੇ ਸਾਰੇ ਰਸਤਿਆਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਚਾਰ ਪਹੀਆਂ ਵਾਹਨਾਂ ਦੀ ਐਂਟਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਨਾਲ ਨਾਲ ਆਮ ਲੋਕਾਂ ਦੀ ਭੀੜ ਘੱਟ ਕਰਨ ਲਈ ਕੋਰੋਨਾ ਦੀ ਜਾਂਚ ਲਈ ਸੈਂਪਲਿੰਗ ਦੀ ਮੁਹਿੰਮ ਵੀ ਸ਼ੁਰੂ ਕਰਨੀ ਚਾਹੀਦੀ ਹੈ।
ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਖ਼ੁਦ ਹੀ ਸਮਝਣਾ ਪਵੇਗਾ ਕੀ ਉਹ ਬਿਨਾਂ ਲੋੜ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਬਾਜ਼ਾਰਾਂ ਵਿੱਚ ਭੀੜ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਮਾਰੀ ਦੀ ਜਾਂਚ ਲਈ ਸੈਂਪਲਿੰਗ ਦੀ ਰਫ਼ਤਾਰ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਹਫਤਾ ਪਹਿਲਾਂ ਜੋ ਸੈਂਪਲਿੰਗ 1800 ਤੋਂ 1900 ਦੇ ਕਰੀਬ ਹੁੰਦੀ ਸੀ, ਹੁਣ ਤਿੰਨ ਚਾਰ ਦਿਨਾਂ ਤੋਂ ਲਗਾਤਾਰ 4200 ਤੋ ਉੱਪਰ ਸੈਂਪਲਿੰਗ ਹੋ ਰਹੀ ਹੈ।