ਸੜਕਾਂ ਦੇ ਉਪਰ ਝੁਕੇ ਖੜੇ ਦਰਖੱਤਾਂ ਦੇ ਟਾਹਣੇ ਦੇ ਰਹੇ ਹਨ ਹਾਦਸਿਆ ਨੂੰ ਸੱਦਾ

04/15/2018 10:07:54 AM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪੰਜਾਬ ਭਰ ਦੀਆਂ ਸੜਕਾਂ ਤੇ ਨਿੱਤ ਰੋਜ ਵਾਹਨਾਂ ਦੇ ਹਾਦਸੇ ਵਾਪਰ ਰਹੇ ਹਨ ਤੇ ਇਨ੍ਹਾਂ ਸੜਕੀ ਹਾਦਸਿਆਂ 'ਚ ਅਨੇਕਾਂ ਮੌਤਾਂ ਹੁੰਦੀਆਂ ਹਨ। ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ। ਮਿਲੀਆ ਰਿਪੋਰਟਾਂ ਅਨੁਸਾਰ ਸਾਲ 2017 ਦੌਰਾਨ ਸੂਬੇ ਦੇ 22 ਜ਼ਿਲਿਆਂ ਦੀਆਂ ਸੜਕਾਂ 'ਤੇ ਵਾਪਰੇ ਭਿਆਨਕ ਹਾਦਸਿਆਂ ਦੌਰਾਨ 5 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਹਨ, ਜਦਕਿ 20 ਹਜ਼ਾਰ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਹਾਦਸਿਆਂ ਦੌਰਾਨ ਕਈ ਲੋਕ ਅਪਾਹਜ ਹੋ ਜਾਂਦੇ ਹਨ। ਬਹੁਤ ਸਾਰੇ ਹਾਦਸੇ ਵਾਹਨਾਂ ਦੀ ਤੇਜ ਰਫਤਾਰ, ਨਸ਼ਿਆਂ ਦੀ ਵਰਤੋਂ ਕਰਕੇ ਡਰਾਈਵਰੀ ਕਰਨਾ, ਉਨੀਦਰਾ ਜਾਂ ਗੱਡੀ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਲ ਜਾਂ ਟਰੈਫਿਕ ਨਿਯਮਾਂ ਦਾ ਸਹੀ ਇਸਤੇਮਾਲ ਨਾ ਕਰਨਾ ਆਦਿ ਨਾਲ ਹੁੰਦੇ ਹਨ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ' ਜਗਬਾਣੀ ' ਵੱਲੋਂ ਇਸ ਹਫ਼ਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਹੈ। 

ਸੜਕਾਂ 'ਤੇ ਖੜੇ ਅਨੇਕਾਂ ਦਰਖੱਤਾ ਦੇ ਕਾਰਨ ਵਾਪਰਦੇ ਹਨ ਹਾਦਸੇ 
ਆਮ ਸੜਕਾਂ ਦੇ ਕਿਨਾਰਿਆਂ 'ਤੇ ਦੋਵੇ ਪਾਸੇ ਦਰਖੱਤ ਲੱਗੇ ਹੋਏ ਹਨ। ਇਨ੍ਹਾਂ ਦਰਖੱਤਾਂ ਵਿਚੋਂ ਕਈ ਦਰਖਤ ਅਜਿਹੇ ਹਨ, ਜਿੰਨਾਂ ਦੇ ਟਾਹਣੇ ਸੜਕ ਵਾਲੇ ਪਾਸੇ ਝੁਕੇ ਖੜੇ ਹਨ। ਕਈ ਦਰਖੱਤਾਂ ਦੇ ਟਾਹਣੇ ਟੁੱਟ ਜਾਂਦੇ ਹਨ ਤੇ ਟੁੱਟੇ ਹੋਏ ਟਾਹਣੇ ਸੜਕ ਵਿਚ ਲਮਕਦੇ ਰਹਿੰਦੇ ਹਨ। ਅਜਿਹੇ ਝੁਕੇ ਹੋਏ ਦਰਖੱਤਾਂ ਦੇ ਕਾਰਨ ਕਈ ਵਾਹਨ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਮਨੁੱਖੀ ਖੂਨ ਡੁੱਲਦਾ ਹੈ। 

ਉਵਰਲੋਡ ਵਾਹਨਾਂ ਨੂੰ ਰਹਿੰਦਾ ਹੈ ਖਤਰਾ 
ਕਈ ਬੱਸਾਂ ਦੀਆਂ ਛੱਤਾਂ ਉਪਰ ਸਵਾਰੀਆਂ ਚੜ ਕੇ ਬੈਠ ਜਾਂਦੀਆਂ ਹਨ। ਇਨ੍ਹਾਂ ਸਵਾਰੀਆਂ ਦੇ ਸਿਰਾਂ ਵਿਚ ਦਰਖੱਤਾਂ ਦੇ ਟਾਹਣੇ ਵੱਜਦੇ ਹਨ ਤੇ ਸੱਟਾਂ ਫੇਟਾਂ ਵੱਜਦੀਆਂ ਹਨ। ਇਸ ਤੋਂ ਇਲਾਵਾ ਬੋਰੀਆ ਨਾਲ ਭਰੇ ਟਰੱਕ ਅਤੇ ਟਰਾਲੀਆ ਤੇ ਤੂੜੀ ਨਾਲ ਭਰੇ ਟਰਾਲੇ ਅਜਿਹੇ ਦਰਖੱਤਾਂ ਵਿਚ ਫਸ ਜਾਂਦੇ ਹਨ। ਵਾਹਨਾਂ ਵਾਲੇ ਦਰਖੱਤਾਂ ਤੋਂ ਬਚਣ ਲਈ ਪਾਸੇ ਦੀ ਲੰਘਣ ਦੀ ਕੋਸ਼ਿਸ਼ ਕਰਦੇ ਕਰਦੇ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। 
ਦਰਖੱਤਾਂ ਵਿਚ ਵੱਜੇ ਹਨ ਅਨੇਕਾਂ ਵਾਹਨ
ਜੇਕਰ ਵੇਖਿਆ ਜਾਵੇ ਤਾਂ ਹੁਣ ਤੱਕ ਸੜਕਾਂ ਦੇ ਪਾਸੇ ਲੱਗੇ ਦਰਖੱਤਾਂ ਵਿਚ ਅਨੇਕਾਂ ਵਾਹਨ ਵਜਣ ਕਾਰਨ ਲੋਕ ਮਰ ਜਾਂਦੇ ਹਨ। ਅਸਲ ਵਿਚ ਦਰਖੱਤਾਂ ਸੜਕਾਂ ਦੇ ਬਿਲਕੁਲ ਕੰਢਿਆ 'ਤੇ ਨਹੀਂ ਲਾਉਣੇ ਚਾਹੀਦੇ।  
ਖਤਰਨਾਕ ਸਾਬਤ ਹੋ ਰਹੇ ਹਨ ਮੋੜਾਂ 'ਤੇ ਲੱਗੇ ਬੋਰਡ 
ਸੜਕ ਦੇ ਮੋੜਾਂ 'ਤੇ ਕੁਝ ਥਾਵਾਂ ਉਪਰ ਵੱਡੇ ਵੱਡੇ ਫਲੈਕਸ ਬੋਰਡ ਮਸ਼ਹੂਰੀਆਂ ਕਰਨ ਲਈ ਲਾ ਰੱਖੇ ਹਨ, ਜਿਸ ਕਾਰਨ ਕਈ ਵਾਰ ਮੋੜ ਤੋਂ ਆਪਣਾ ਵਾਹਨ ਮੋੜਨ ਲੱਗਿਆ ਕਈ ਵਾਰ ਡਰਾਈਵਰ ਨੂੰ ਅਗਿਓ ਆ ਰਹੀ ਗੱਡੀ ਬਾਰੇ ਪਤਾ ਨਹੀਂ ਲੱਗਦਾ ਤੇ ਦੁਰਘਟਨਾ ਵਾਪਰ ਜਾਂਦੀ ਹੈ। ਅਜਿਹੇ ਫਲੈਕਸ ਬੋਰਡ ਕਾਨੂੰਨ ਦੀਆਂ ਸ਼ਰੇਆਮ ਧੱਜੀਆ ਉਡਾ ਰਹੇ ਹਨ ਤੇ ਬਿਲਕੁਲ ਗੈਰਕਾਨੂੰਨੀ ਹਨ।  
ਸੜਕਾਂ ਵਿਚ ਵੱਡੇ ਟੋਏ ਵਧਾਉਦੇ ਹਨ ਹਾਦਸੇ 
ਵੇਖਣ ਵਿਚ ਆਇਆ ਹੈ ਕਿ ਕੁਝ ਸੜਕਾਂ ਟੁੱਟ ਚੁੱਕੀਆਂ ਹਨ ਜਾਂ ਕਈ ਥਾਵਾਂ ਤੇ ਡੂੰਘੇ ਟੋਏ ਪੈ ਚੁੱਕੇ ਹਨ। ਅਜਿਹੇ ਟੋਇਆ ਵਿਚ ਵੱਜ ਕੇ ਕਈ ਵਾਹਨ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਸਬੰਧਿਤ ਮਹਿਕਮਾ ਸੜਕਾਂ ਦੇ ਟੋਇਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। 
ਦਰਖੱਤਾਂ ਦਾ ਕੰਮ ਸਾਡਾ ਨਹੀਂ 
ਜਦ ਸੜਕ ਮਹਿਕਮੇਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਕਿ ਜਿਹੜੇ ਦਰਖੱਤ ਸੜਕ ਵੱਲ ਉਲਰੇ ਹੋਏ ਹਨ, ਉਨ੍ਹਾਂ ਨੂੰ ਪੁਟਵਾ ਦੇਣ ਲਈ ਕਿਹਾ। ਇਸ ਸਬੰਧ 'ਚ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਸਾਡਾ ਨਹੀਂ ਹੈ। ਦਰਖਤ ਸੜਕਾਂ ਦੇ ਕਿਨਾਰਿਆਂ ਤੇ ਜੰਗਲਾਤ ਵਿਭਾਗ ਲਵਾਉਦਾ । 
ਜਿਸ ਦਰਖੱਤ ਕਾਰਨ ਹਾਦਸਾ ਵਾਪਰਦਾ, ਉਹ ਕਟਵਾਇਆ ਜਾ ਸਕਦਾ ਹੈ : ਡੀ. ਐਫ਼. ਓ.
ਦੂਜੇ ਪਾਸੇ ਜਦੋ ਵਣ ਮੰਡਲ ਅਫ਼ਸਰ  ਬਲਜੀਤ ਸਿੰਘ ਬਰਾੜ ਦਾ ਪੱਖ ਲੈਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਸੜਕ 'ਤੇ ਖੜਾ ਕੋਈ ਦਰਖੱਤ ਹਾਦਸੇ ਦਾ ਕਾਰਨ ਬਣ ਰਿਹਾ ਹੈ ਤਾਂ ਉਸ ਦਰਖੱਤ ਨੂੰ ਕਟਵਾਇਆ ਜਾ ਸਕਦਾ ਹੈ ਤੇ ਅਜਿਹੇ ਦਰਖੱਤਾ ਬਾਰੇ ਮਹਿਕਮੇਂ ਨੂੰ ਸੂਚਿਤ ਕੀਤਾ ਜਾਵੇ। 
ਸਰਕਾਰ ਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਹੋਣ ਸੁਚੇਤ 
ਸੜਕਾਂ 'ਤੇ ਲੱਗੇ ਦਰਖਤਾਂ ਦੇ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਘਟਾਉਣ ਲਈ ਖੁਦ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ । ਸਾਰੀਆਂ ਸੜਕਾਂ ਦਾ ਸਰਵੇਖਣ ਕਰਵਾਇਆ ਜਾਵੇ ਤੇ ਜਿਥੇ ਕਿਤੇ ਵੀ ਕੋਈ ਸਮੱਸਿਆ ਆਉਦੀ ਹੈ, ਉਸ ਦਾ ਹੱਲ ਕੱਢਿਆ ਜਾਵੇ ਤਾਂ ਕਿ ਆਮ ਲੋਕ ਪ੍ਰੇਸ਼ਾਨ ਨਾ ਹੋਣ।


Related News