ਮਾਨਸਾ 'ਚ ਵੀ ਦੇਖਣ ਨੂੰ ਮਿਲਿਆ ਭਾਰਤ ਬੰਦ ਦਾ ਅਸਰ
Wednesday, Jan 08, 2020 - 11:49 AM (IST)

ਮਾਨਸਾ (ਅਮਰਜੀਤ) - ਸਰਕਾਰੀ ਨੀਤੀਆਂ ਦੇ ਖਿਲਾਫ ਅੱਜ ਵੱਖ-ਵੱਖ ਟਰੇਡ ਯੂਨੀਅਨਸ ਵਲੋਂ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਅਸਰ ਮਾਨਸਾ ਜ਼ਿਲੇ 'ਚ ਵੀ ਦੇਖਣ ਨੂੰ ਮਿਲਿਆ। ਭਾਰਤ ਬੰਦ ਮੌਕੇ ਮਾਨਸਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਹੇ ਹਨ, ਜਿਸ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਠੱਪ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਰੇ ਬੈਂਕ ਮੁਲਾਜ਼ਮ ਵੀ ਆਪਣੇ ਕੰਮਕਾਜ ਨੂੰ ਠੱਪ ਕਰਕੇ ਹੜਤਾਲ ਦਾ ਸਮਰਥਨ ਕਰ ਰਹੇ ਹਨ। ਹੋਰਨਾਂ ਥਾਵਾਂ ਦੇ ਵਾਂਗ ਮਾਨਸਾ ਸ਼ਹਿਰ 'ਚ ਵੀ ਪੁਲਸ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਜਾਣਕਾਰੀ ਅਨੁਸਾਰ ਭਾਰਤ ਬੰਦ ਮੌਕੇ ਕਿਸਾਨ ਯੂਨੀਅਨ ਵਲੋਂ 1 ਵਜੇ ਤੋਂ ਲੈ ਕੇ 3 ਕੁ ਵਜੇ ਤੱਕ ਰੇਲ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਕਾਰਨ ਪ੍ਰਦਰਸ਼ਨ ਦੇ ਸਮੇਂ ਰੇਲ ਗੱਡੀ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।