ਮਾਨਸਾ-ਸਿਰਸਾ ਹਾਈਵੇ ਰੋਡ ਕਾਫੀ ਮੁਸੀਬਤਾਂ ਭਰਿਆ, ਨਿੱਤ ਨਵੀਆਂ ਸਡ਼ਕ ਦੁਰਘਟਨਾਵਾਂ ਨੂੰ ਦੇ ਰਿਹਾ ਸੱਦਾ

08/18/2018 3:27:08 AM

ਮਾਨਸਾ, (ਜੱਸਲ)- ਮਾਨਸਾ-ਸਿਰਸਾ ਹਾਈਵੇ  ਕਾਫੀ ਮੁਸੀਬਤਾਂ ਭਰਿਆ ਹੋਣ  ਕਾਰਨ ਇਸ ਹਾਈਵੇ ’ਤੇ ਆਉਂਦੇ ਸ਼ਹਿਰ ਮਾਨਸਾ, ਕਸਬਾ ਝੁਨੀਰ ਅਤੇ ਸਰਦੂਲਗਡ਼੍ਹ ਦੇ ਲੋਕਾਂ ਨੂੰ ਨਿੱਤ ਨਵੀਆਂ ਸਡ਼ਕ ਦੁਰਘਟਨਾਵਾਂ ਸੱਦਾ ਦੇ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੂੰ ਲੋਕਾਂ  ਨੇ ਮਿਲ ਕੇ ਕਈ ਵਾਰ ਜਾਣੂ ਕਰਵਾਇਆ ਪਰ ਕਿਸੇ ਵੀ ਅਧਿਕਾਰੀ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਉਘੇ ਖੂਨ ਦਾਨੀ ਗੁਰਪ੍ਰੀਤ ਭੰਮੇ, ਸਟੇਟ ਐਵਾਰਡੀ ਨਿਰਮਲ ਮੌਜੀਆ, ਸਮਾਜ ਸੇਵੀ ਸੁਨੀਲ ਗੋਇਲ ਤੇ ਤੋਤਾ ਸਿੰਘ ਹੀਰਕੇ ਆਦਿ ਨੇ ਦੱਸਿਆ ਕਿ ਮਾਨਸਾ ਤੋਂ ਸਰਦੂਲਗਡ਼੍ਹ ਤੱਕ ਸਡ਼ਕ ’ਤੇ 56 ਦਰੱਖਤ ਅਜਿਹੇ ਹਨ ਜੋ ਕਿ ਪੱਕੀ ਸਡ਼ਕ ’ਤੇ ਲੱਗੇ ਹੋਏ ਹਨ ਅਤੇ ਇਸੇ ਸਡ਼ਕ ਉੱਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪਾਥੀਆਂ ਦੇ ਗੁਹਾਰੇ ਵੀ ਲਾਏ ਹੋਏ ਹਨ। ਇਸ ਦੇ ਨਾਲ ਇਕ ਜਗ੍ਹਾ ’ਤੇ ਬਿਜਲੀ ਦੇ ਖੰਭੇ ਵੀ ਪੱਕੀ ਸਡ਼ਕ ’ਤੇ ਲੱਗੇ ਹੋਏ ਹਨ। ਕਈ ਵਾਰ ਗੰਦਾ ਪਾਣੀ ਨੀਵੀਆਂ ਥਾਵਾਂ ’ਤੇ ਸਡ਼ਕ ਉਪਰ ਖਡ਼੍ਹਾ ਦੇਖਣ ਨੂੰ ਮਿਲਦਾ ਹੈ ਅਤੇ ਇਸ ਸਡ਼ਕ ’ਤੇ ਲਾਈਟਾਂ ਦਾ ਕਿਸੇ ਵੀ ਜਗ੍ਹਾ ’ਤੇ ਕੋਈ ਪ੍ਰਬੰਧ ਨਹੀਂ ਹੈ। 
ਉਨ੍ਹਾਂ ਕਿਹਾ ਕਿ ਅਾਵਾਰਾ ਪਸ਼ੂਆਂ ਇੰਨੇ ਜ਼ਿਆਦਾ ਹੋ ਗਏ ਹਨ  ਕਿ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਕਈ ਥਾਵਾਂ ’ਤੇ ਸਡ਼ਕ ਤੇ ਦੂਜੇ ਪਾਸੇ 2 ਵ੍ਹੀਲਰ ਵ੍ਹੀਕਲਾਂ ਦਾ ਰਸਤਾ ਪਹਾਡ਼ੀ ਕਿੱਕਰਾਂ ਨੇ ਘੇਰਿਆ  ਹੋਇਆ ਹੈ, ਜਿਸ ਕਾਰਨ ਸਡ਼ਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ  ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਦੂਰ ਕਰ ਕੇ ਸਡ਼ਕ ਨੂੰ ਆਵਾਜਾਈ ਦੇ ਯੋਗ ਬਣਾਇਆ ਜਾਵੇ। 
 


Related News