ਕੜਾਕੇ ਦੀ ਠੰਡ 'ਚ ਖੁੱਲੇ ਆਸਮਾਨ ਹੇਠ ਪੜ੍ਹਨ ਲਈ ਮਜ਼ਬੂਰ ਵਿਦਿਆਰਥੀ (ਵੀਡੀਓ)
Tuesday, Jan 29, 2019 - 04:34 PM (IST)
ਮਾਨਸਾ(ਅਮਰਜੀਤ)— ਮਾਨਸਾ ਦੇ ਪਿੰਡ ਖੋਖਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਬੀਤੇ 5 ਸਾਲਾਂ ਤੋਂ ਖੁੱਲ੍ਹੇ ਆਸਮਾਨ ਹੇਠ ਪੜ੍ਹਨ ਲਈ ਮਜ਼ਬੂਰ ਹਨ। ਇਸ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 300 ਹੈ ਅਤੇ ਠੰਡ ਤੋਂ ਬਚਾਅ ਲਈ ਅਧਿਆਪਕਾਂ ਨੇ ਸਕੂਲ ਦੀਆਂ ਕੰਧਾਂ 'ਤੇ ਤਰਪਾਲ ਪਾਈ ਹੋਈ ਹੈ ਤਾਂ ਜੋ ਬੱਚਿਆਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਇਸ ਦੇ ਬਾਵਜੂਦ ਵੀ ਠੰਡ ਨਾਲ ਕਈ ਬੱਚੇ ਬੀਮਾਰ ਹੋ ਚੁੱਕੇ ਹਨ।

ਉਥੇ ਹੀ ਸਕੂਲ ਦੇ ਹੈੱਡ ਮਾਸਟਰ ਅਤੇ ਵਿਦਿਆਰਥੀਆਂ ਨੇ ਸਰਕਾਰ ਤੋਂ ਸਕੂਲ 'ਚ ਪੱਕੇ ਕਮਰੇ ਬਨਵਾਉਣ ਦੀ ਮੰਗ ਕੀਤੀ ਹੈ। ਹੈੱਡ ਮਾਸਟਰ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਸਕੂਲ ਦੀ ਬਿਲਡਿੰਗ ਦਾ ਅਧੂਰਾ ਕੰਮ ਪੂਰਾ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾ ਸਕੇ ਤੇ ਉਨ੍ਹਾਂ ਦੀ ਪੜ੍ਹਾਈ ਸਹੀ ਤਰੀਕੇ ਨਾਲ ਹੋ ਸਕੇ।
ਜਿੱਥੇ ਇਕ ਪਾਸੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਸਮਾਰਟ ਕਲਾਸਾਂ ਬਨਾਉਣ ਤੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਪੰਜਾਬ ਦੇ ਕੁਝ ਅਜਿਹੇ ਸਰਕਾਰੀ ਸਕੂਲ ਵੀ ਹਨ ਜੋ ਸਰਕਾਰ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਬਿਆਨ ਕਰ ਰਹੇ ਹਨ। ਬਹਿਰਹਾਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਲੂਹਤਾਂ ਪ੍ਰਦਾਨ ਕਰੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਹੋ ਸਕੇ।
