ਮਾਨਸਾ : 6 ਸਾਲਾਂ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ
Wednesday, Jul 25, 2018 - 03:25 PM (IST)

ਮਾਨਸਾ (ਸੰਦੀਪ ਮਿੱਤਲ) : ਮਈ 2016 'ਚ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਲਯੁਗੀ ਮਾਮੇ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਆਲਮਪੁਰਾ ਮੰਦਰਾਂ 'ਚ ਵਿਆਹ ਸਮਾਗਮ ਦੌਰਾਨ ਹਰਿਆਣਾ ਦੇ ਪਿੰਡ ਰੂਪਾਂਵਾਲੀ ਤੋਂ ਆਏ ਰਿਸ਼ਤੇਦਾਰਾਂ 'ਚ ਮਾਮਾ ਲੱਗਦੇ ਕਾਲਾ ਰਾਮ ਨੇਰਾਤ ਨੇ 6 ਸਾਲਾ ਨਾਬਾਲਗ ਨੂੰ ਘਰੋਂ ਅਗਵਾ ਕਰਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਬਾਅਦ 'ਚ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਬੋਹਾ ਦੀ ਪੁਲਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਅਦਾਲਤ 'ਚ ਆਉਣ 'ਤੇ ਪੀੜਤਾ ਦੇ ਵਕੀਲ ਜਸਵੰਤ ਸਿੰਘ ਗਰੇਵਾਲ ਵਲੋਂ ਪੇਸ਼ ਕੀਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਅਦਾਲਤ ਨੇ ਕਾਲਾ ਰਾਮ ਨੂੰ ਜਬਰ-ਜ਼ਨਾਹ ਤੇ ਕਤਲ ਦਾ ਦੋਸ਼ੀ ਮੰਨਦਿਆਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।