ਪੰਜਾਬ ਸਰਕਾਰ ਵਲੋਂ ਟਰੈਵਲ ਏਜੰਟ, ਆਈਲੈਟਸ ਸੈਂਟਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ

Saturday, Jan 18, 2020 - 11:46 AM (IST)

ਪੰਜਾਬ ਸਰਕਾਰ ਵਲੋਂ ਟਰੈਵਲ ਏਜੰਟ, ਆਈਲੈਟਸ ਸੈਂਟਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ

ਮਾਨਸਾ (ਮਨਜੀਤ ਕੌਰ) : ਪੰਜਾਬ ਦੇ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਿਦੇਸ਼ ਜਾਣ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਨੇ ਅਧਿਕਾਰਤ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਸੈਂਟਰਾਂ, ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਟਿਕਟ ਏਜੰਟਾਂ ਨੂੰ ਲਾਇਸੈਂਸ ਜਾਰੀ ਕੀਤੇ ਹਨ। ਇਹ ਕਾਰੋਬਾਰ ਚਲਾ ਰਹੇ ਲੋਕਾਂ ਨੂੰ ਆਪਣੇ ਲਾਇਸੈਂਸ ਨੰਬਰ ਬੋਰਡਾਂ 'ਤੇ ਪ੍ਰਦਰਸ਼ਤ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਜਾਣ ਵਾਲੇ ਗਾਹਕਾਂ ਨੂੰ ਪਤਾ ਲੱਗ ਸਕੇ ਕਿ ਉਪਰੋਕਤ ਟਰੈਵਲ ਏਜੰਟ, ਆਈਲੈਟਸ ਕੋਚਿੰਗ ਸੈਂਟਰ, ਇਮੀਗ੍ਰੇਸ਼ਨ ਸਲਾਹਕਾਰ ਅਤੇ ਟਿਕਟ ਏਜੰਟ ਅਧਿਕਾਰਤ ਹਨ ਜਾਂ ਨਹੀਂ, ਜੇਕਰ ਇਨ੍ਹਾਂ 'ਚੋਂ ਕੋਈ ਵੀ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਆਰੰਭੀ ਜਾਵੇਗੀ।

PunjabKesari

ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਉਪਰੋਕਤ ਕਾਰੋਬਾਰੀ ਅਦਾਰਿਆਂ ਨੂੰ ਨਿਯਮਾਂ ਬਾਰੇ ਵੇਰਵਾ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰੋਵੈਂਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ 2012 ਦੇ ਅਧੀਨ ਪਾਲਣਾ ਕੀਤੀ ਗਈ ਹੈ ਜਿਸ 'ਚ ਆਈਲੈਟਸ ਕੋਚਿੰਗ, ਇਮੀਗ੍ਰੇਸ਼ਨ ਕੰਸਲਟੈਂਸੀ, ਟਰੈਵਲ ਏਜੰਟ, ਟਿਕਟ ਏਜੰਟ, ਜਨਰਲ ਸੇਲਜ਼ ਏਜੰਟ ਸ਼ਾਮਲ ਹਨ। ਉਨ੍ਹਾਂ ਸੈਂਟਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੈਂਟਰਾਂ 'ਤੇ ਪੜ੍ਹ ਰਹੇ ਵਿਦਿਆਰਥੀ ਅਤੇ ਸਟਾਫ਼ ਦਾ ਰਿਕਾਰਡ, ਫੋਟੋਆਂ ਸਮੇਤ ਮੇਨਟੇਨ ਕੀਤਾ ਜਾਵੇ ਅਤੇ ਇਹ ਸਾਰਾ ਡਾਟਾ ਆਨਲਾਈਨ ਵੀ ਹੋਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਤੋਂ ਲਈਆਂ ਫੀਸਾਂ ਦੇ ਰਿਕਾਰਡ ਕੈਸ਼ ਬੁੱਕ 'ਚ ਮੇਨਟੇਨ ਕਰਨ ਦੇ ਹੁਕਮ ਦਿੱਤੇ। ਸੈਂਟਰਾਂ ਦੇ ਬਾਹਰ ਬੋਰਡਾਂ ਤੇ ਸੇਵਾਵਾਂ ਅਨੁਸਾਰ ਖਰਚੇ ਵੀ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ।

ਇਹ ਸਾਰਾ ਰਿਕਾਰਡ ਹਰ 6 ਮਹੀਨਿਆਂ 'ਚ ਜੂਨ ਅਤੇ ਦਸੰਬਰ ਨੂੰ ਕੰਪਾਇਲ ਕਰਨਾ ਹੁੰਦਾ ਹੈ ਅਤੇ 6 ਮਹੀਨਿਆਂ ਦੇ ਅੰਤ ਦੇ ਇਕ ਹਫ਼ਤੇ 'ਚ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਲਾਇਸੈਂਸ ਅਤੇ ਪਾਸਪੋਰਟ ਸ਼ਾਖਾ ਵਿਖੇ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਟਿਕਟ ਏਜੰਟਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣ ਦੀਆਂ ਟਿਕਟਾਂ ਦਾ ਚਾਰਟ ਸਬੰਧੀ ਡਾਟਾ ਸੰਭਾਲਣਾ ਜ਼ਰੂਰੀ ਹੈ ਅਤੇ ਹਰ ਮਹੀਨੇ ਈ ਮੇਲ ਆਈ. ਡੀ. ਭੇਜਣਾ ਜ਼ਰੂਰੀ ਹੈ। ਟਰੈਵਲ ਏਜੰਟਾਂ ਨੂੰ ਆਪਣੇ ਗਾਹਕਾਂ ਦੀ ਸੂਚੀ ਦੇ ਨਾਲ ਨਾਂ, ਪਿਤਾ ਦਾ ਨਾਂ, ਪਤਾ, ਪ੍ਰਾਪਤ ਕੀਤੀ ਸਹੂਲਤ, ਪਾਸਪੋਰਟ ਦੇ ਵੇਰਵੇ, ਆਧਾਰ ਕਾਰਡ, ਪੈਨ ਕਾਰਡ ਭੇਜਣਾ ਹੋਵੇਗਾ ਅਤੇ ਡੀ. ਸੀ. ਦਫ਼ਤਰ ਅਤੇ ਐੱਸ. ਐੱਸ. ਪੀ. ਮਾਨਸਾ ਦੀ ਲਾਇਸੈਂਸ ਅਤੇ ਪਾਸਪੋਰਟ ਸ਼ਾਖਾ 'ਚ ਜਮ੍ਹਾ ਕਰਵਾਉਣਾ ਹੋਵੇਗਾ।


author

cherry

Content Editor

Related News