ਮਾਨਸਾ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

Saturday, Jun 06, 2020 - 02:07 PM (IST)

ਮਾਨਸਾ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਮਾਨਸਾ (ਮਿੱਤਲ)— ਮਾਨਸਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੀ ਗਏ ਹਨ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜਦਾਰੀ ਸਜ਼ਾ ਜ਼ਾਬਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਜ਼ਿਲ੍ਹਾ ਕਚਹਿਰੀ ਕੰਪਲੈਕਸ ਅਤੇ ਮਿੰਨੀ ਸਕੱਤਰੇਤ ਦੇ 100 ਮੀਟਰ ਦੇ ਘੇਰੇ ਅੰਦਰ ਜਲੂਸ ਕੱਢਣ, ਜਲਸਾ ਕਰਨ, ਲਾਊਡ ਸਪੀਕਰ ਲਗਾ ਕੇ ਭਾਸ਼ਣ ਕਰਨ ਅਤੇ ਧਰਨਾ ਆਦਿ 'ਤੇ ਬੈਠਣ 'ਤੇ ਪਾਬੰਦੀ ਲਗਾਈ ਹੈ।

ਉਨ੍ਹਾਂ ਕਿਹਾ ਕਿ ਵੇਖਣ 'ਚ ਆਇਆ ਹੈ ਕਿ ਹਰ ਰੋਜ਼ ਕੋਈ ਨਾ ਕੋਈ ਰਾਜਸੀ ਪਾਰਟੀ/ਜਥੇਬੰਦੀਆਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਜਲੂਸ ਆਦਿ ਕੱਢਣ ਉਪਰੰਤ ਜ਼ਿਲ੍ਹਾ ਕਚਹਿਰੀ ਕੰਪਲੈਕਸ 'ਚ ਲਾਊਡ ਸਪੀਕਰ ਲਗਾ ਕੇ ਘੰਟਿਆਂ ਬੱਧੀ ਭਾਸ਼ਣ ਦਿੰਦੇ ਹਨ ਜਾਂ ਧਰਨਾ ਆਦਿ ਲਗਾ ਕੇ ਬੈਠ ਜਾਂਦੇ ਹਨ। ਅਜਿਹਾ ਕਰਨ ਨਾਲ ਅਮਨ ਅਤੇ ਸ਼ਾਂਤੀ 'ਚ ਵਿਘਨ ਪੈਂਦਾ ਹੈ ਅਤੇ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਹੁੰਦੀ ਹੈ। ਇਸ ਨਾਲ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਾਸਤੇ ਮੁਸ਼ਕਿਲ ਪੇਸ਼ ਆਉਂਦੀ ਹੈ।

ਚਾਈਨਾ ਡੋਰ ਦੀ ਵਰਤੋਂ ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਪਰਿਵੈਨਸ਼ਨ ਆਫ ਕਰੂਅਲਟੀ ਟੂ ਐਨੀਮਲ ਐਕਟ 1960 ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਪੈਂਦੇ ਥਾਣਿਆਂ ਦੇ ਇਲਾਕਿਆਂ 'ਚ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਧਾਗੇ ਵਾਲੀ ਡੋਰ 'ਤੇ ਲਾਗੂ ਨਹੀਂ ਹੋਵੇਗੀ। ਹੁਕਮ ਜਾਰੀ ਕਰਦੇ ਜ਼ਿਲ੍ਹਾ ਮੈÎਜਿਸਟਰੇਟ ਨੇ ਕਿਹਾ ਕਿ ਇਸ ਡੋਰ ਦੀ ਵਰਤੋਂ ਨਾਲ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟੀਆਂ ਜਾਂਦੀਆਂ ਹਨ। ਸਾਈਕਲ ਸਕੂਟਰ ਵਾਹਨ ਚਾਲਕ ਅਤੇ ਉੱਡਦੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਡੋਰ 'ਚ ਫਸੇ ਪੰਛੀਆਂ ਦੀ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਰਕੇ ਫੈਲੀ ਬਦਬੂ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦੇ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ 'ਤੇ ਰੋਕ ਲਗਾਉਣੀ ਲਾਜ਼ਮੀ ਹੈ।

ਸੂਰਜ ਡੁੱਬਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ ਢੁਆਈ 'ਤੇ ਪੂਰਨ ਪਾਬੰਦੀ
ਇਕ ਹੋਰ ਹੁਕਮ ਜਾਰੀ ਕਰਦੇ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਮਾਨਸਾ 'ਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਢੋਆ ਢੁਆਈ 'ਤੇ ਮੁਕੰਮਲ ਪਾਬੰਦੀ ਲਗਾਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਗਊਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਮਹਿਕਮਾ ਪਾਸ ਰਜਿਸਟਰਡ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਲਾਵਾਰਿਸ ਗਊਆਂ ਕਾਰਨ ਰਾਤ ਸਮੇਂ ਸੜਕ 'ਤੇ ਕਈ ਵਾਰ ਹਾਦਸੇ ਹੋ ਜਾਂਦੇ ਹਨ, ਇਸ ਕਾਰਨ ਆਮ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਕਈ ਵਾਰ ਹਾਦਸੇ ਕਾਰਨ ਮਰੇ ਗਊਵੰਸ਼ ਸਬੰਧੀ ਲੋਕਾਂ ਵੱਲੋਂ ਇਹ ਅਫਵਾਹ ਫੈਲਾਅ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਮਾਰ ਕੇ ਸੁੱਟ ਦਿੱਤਾ ਹੈ, ਜਿਸ ਨਾਲ ਸਮਾਜ ਦੇ ਵੱਡੇ ਵਰਗ 'ਚ ਬੈਚੇਨੀ ਫੈਲਦੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮਾਨਸਾ ਇਹ ਯਕੀਨੀ ਬਣਾਉਣਗੇ ਕਿ ਸ਼ਹਿਰਾਂ ਤੇ ਪਿੰਡਾਂ 'ਚ ਜਿਨ੍ਹਾਂ ਲੋਕਾਂ ਕੋਲ ਗਊਵੰਸ਼ ਰੱਖਿਆ ਹੋਇਆ ਹੈ, ਉਹ ਉਨ੍ਹਾਂ ਨੂੰ ਰਜਿਸਟਰਡ ਜ਼ਰੂਰ ਕਰਵਾਉਣ। ਖੇਤਰ ਦੇ ਸਬੰਧਤ ਪਸ਼ੂ ਪਾਲਣ ਅਫ਼ਸਰ ਕੋਲ ਗਊਵੰਸ਼ ਦੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਪਾਲੇ ਹੋਏ ਸੂਰਾਂ ਨੂੰ ਰਿਹਾਇਸ਼ੀ ਇਲਾਕਿਆਂ 'ਚ ਖੁੱਲ੍ਹੇ ਛੱਡਣ ਤੇ ਪਾਬੰਦੀ
ਇਕ ਹੋਰ ਆਦੇਸ਼ 'ਚ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਜ਼ਿਲ੍ਹਾ ਮਾਨਸਾ 'ਚ ਲੋਕਾਂ ਵੱਲੋਂ ਘਰਾਂ 'ਚ ਪਾਲੇ ਹੋਏ ਸੂਰਾਂ ਨੂੰ ਖੁਰਾਕ ਖਾਣ/ਚਰਨ ਲਈ ਸੜ•ਕਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਖੁੱਲ੍ਹੇ ਛੱਡਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੇ ਛੱਡਣ ਨਾਲ ਇਹ ਸੂਰ ਜਿੱਥੇ ਹਾਦਸੇ ਦਾ ਕਾਰਨ ਬਣਦੇ ਹਨ, ਉਥੇ ਹੀ ਗਲੀਆਂ 'ਚ ਇਨ੍ਹਾਂ ਵੱਲੋਂ ਪੈਦਾ ਕੀਤੀ ਜਾਂਦੀ ਗੰਦਗੀ ਕਾਰਨ ਆਮ ਲੋਕਾਂ ਖਾਸ ਕਰਕੇ ਬੱਚਿਆਂ 'ਚ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।

ਕਿਰਾਏਦਾਰਾਂ ਦਾ ਵੇਰਵਾ ਪੁਲਸ ਚੌਂਕੀ 'ਚ ਦਰਜ ਕਰਵਾਉਣ ਦੇ ਆਦੇਸ਼
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ  ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜਦਾਰੀ ਸਜ਼ਾ ਜ਼ਾਬਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਕਾਨ ਮਾਲਕਾਂ ਅਤੇ ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ 'ਤੇ ਦਿੱਤੇ ਹੋਣ ਜਾਂ ਭਵਿੱਖ 'ਚ ਦਿੱਤੇ ਜਾਣ, ਉਨ੍ਹਾਂ 'ਚ ਰਹਿਣ ਵਾਲੇ ਵਿਅਕਤੀਆਂ ਦਾ ਨਾਮ ਅਤੇ ਪੂਰਾ ਵੇਰਵਾ ਆਪਣੇ ਇਲਾਕੇ ਦੇ ਥਾਣਾ ਪੁਲਿਸ ਚੌਂਕੀ 'ਚ ਤੁਰੰਤ ਦਰਜ ਕਰਵਾਉਣ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਮਕਾਨ ਮਾਲਕਾਂ ਤੋਂ ਮਕਾਨ ਕਿਰਾਏ 'ਤੇ ਲੈ ਕੇ ਅਜਿਹੀਆਂ ਕਾਰਵਾਈਆਂ ਕਰਨ ਦਾ ਹੁਕਮ ਹੈ ਕਿ ਜਿਨ੍ਹਾਂ ਨਾਲ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੋ ਸਕਦਾ ਹੈ। ਸਰਕਾਰੀ ਅਤੇ ਪ੍ਰਾਈਵੇਟ ਜਾਇਦਾਦ ਨੂੰ ਨੁਕਸਾਨ ਹੋ ਸਕਦਾ ਹੈ। ਅਮਨ ਸ਼ਾਤੀ ਭੰਗ ਹੋ ਸਕਦੀ ਹੈ ਅਤੇ ਦੰਗੇ ਆਦਿ ਭੜਕ ਸਕਦੇ ਹਨ। ਇਸ ਲਈ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਫੌਰੀ ਕਦਮ ਚੁੱਕੇ ਜਾਣ ਦੀ ਲੋੜ ਹੈ।


author

shivani attri

Content Editor

Related News