ਸੁਖਬੀਰ ਦੇ ਦਬਕੇ ਪਿੱਛੋਂ ਤਿੱਤਰ-ਬਿੱਤਰ ਹੋਏ ਦਾਦੂਵਾਲ ਤੇ ਉਸ ਦੇ ਸਾਥੀ
Thursday, May 09, 2019 - 09:36 AM (IST)

ਮਾਨਸਾ (ਸੰਦੀਪ ਮਿੱਤਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਆਪਣੇ ਸਾਹਮਣੇ ਹਾਰ ਵੇਖ ਕੇ ਪੂਰੀ ਤਰ੍ਹਾਂ ਹਿੱਲ ਗਏ ਹਨ ਅਤੇ ਪੰਜਾਬ ਅੰਦਰ ਦੁਬਾਰਾ ਅੱਗ ਲਾਉਣ ਲਈ ਖਾਲਿਸਤਾਨੀਆਂ ਦੀ ਵਰਤੋਂ ਕਰ ਰਹੇ ਹਨ। ਸੁਖਬੀਰ ਬੁੱਧਵਾਰ ਨੂੰ ਬਾਦਲ ਪਿੰਡ 'ਚ ਅਮਰਿੰਦਰ ਦੇ ਚਹੇਤੇ ਖਾਲਿਸਤਾਨੀ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਖਾਲਿਸਤਾਨੀਆਂ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਧਰਨਾ ਲਾਉਣ ਦੀ ਕੀਤੀ ਨਾਕਾਮ ਕੋਸ਼ਿਸ਼ ਬਾਰੇ ਆਪਣਾ ਪ੍ਰਤੀਕਰਮ ਦੇ ਰਹੇ ਹਨ, ਜਿਨ੍ਹਾਂ ਨੂੰ ਸੁਖਬੀਰ ਵਲੋਂ ਕੀਤੀ ਦਖ਼ਲਅੰਦਾਜ਼ੀ ਮਗਰੋਂ ਖਦੇੜ ਦਿੱਤਾ ਗਿਆ ਸੀ।
ਸੁਖਬੀਰ ਨੇ ਕਿਹਾ ਕਿ ਸਰਕਾਰ ਵਲੋਂ ਕਰਵਾਈ ਗਈ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਲੋਕ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਸ਼ਰਮਨਾਕ ਹਾਰ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਜਿਹੀਆਂ ਘਟੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕੈਪਟਨ ਸਰਕਾਰ ਖ਼ਿਲਾਫ ਪਨਪੇ ਲੋਕਾਂ ਦੇ ਗੁੱਸੇ ਕਰ ਕੇ ਕਾਂਗਰਸ ਪੂਰੇ ਸੂਬੇ 'ਚ ਬੁਰੀ ਤਰ੍ਹਾਂ ਹਾਰ ਰਹੀ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਖਾਲਿਸਤਾਨੀਆਂ ਨੂੰ ਪੁਲਸ ਦੀ ਸੁਰੱਖਿਆ ਹੇਠ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤਕ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਅੰਦਰ ਚੋਣ ਜ਼ਾਬਤਾ ਲੱਗਿਆ ਹੋਵੇ ਤਾਂ 100 ਦੇ ਕਰੀਬ ਹਥਿਆਰਬੰਦ ਵਿਅਕਤੀ ਕਿਸ ਤਰ੍ਹਾਂ ਖੁੱਲ੍ਹੇ ਘੁੰਮ ਸਕਦੇ ਹਨ?
ਦਾਦੂਵਾਲ ਅਤੇ ਉਸ ਦੇ ਟੋਲੇ ਨੂੰ ਸਿੱਖ-ਵਿਰੋਧੀ ਕਾਂਗਰਸ ਪਾਰਟੀ ਦੀ ਬੀ ਟੀਮ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਖਾਲਿਸਤਾਨੀਆਂ ਨੇ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ ਅਤੇ ਗੁਟਕਾ ਸਾਹਿਬ ਦੀਆਂ ਖਾਧੀਆਂ ਝੂਠੀਆਂ ਸਹੁੰਆਂ ਵਿਰੁੱਧ ਕਦੇ ਪ੍ਰਦਰਸ਼ਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰੇ ਖਾਲਸਾ ਪੰਥ ਦੇ ਗੱਦਾਰ ਤੇ ਕਾਂਗਰਸ ਦੇ ਭਾੜੇ ਦੇ ਏਜੰਟ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਭਵਿੱਖ ਵਿਚ ਕੀਤੀ ਅਜਿਹੀ ਕਿਸੇ ਵੀ ਭੜਕਾਹਟ ਵਾਲੀ ਕੋਝੀ ਹਰਕਤ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੁੱਖ ਮੰਤਰੀ ਦੀ ਹੋਵੇਗੀ।