ਸ਼੍ਰੋਮਣੀ ਅਕਾਲੀ ਦਲ ''ਚੋਂ ਮੁਅੱਤਲ ਕਰਨਾ ਗੈਰ-ਸਿਧਾਂਤਕ ਫੈਸਲਾ : ਢੀਂਡਸਾ
Sunday, Jan 19, 2020 - 11:43 AM (IST)
ਮਾਨਸਾ (ਜੱਸਲ) : ਸ਼੍ਰੋਮਣੀ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਅਕਾਲੀ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਮੌਰ ਪਾਰਟੀ ਹੈ ਪਰ ਅਸੀਂ ਤਾਂ ਇਸ ਅੰਦਰ ਆਈਆਂ ਉਣਤਾਈਆਂ ਨੂੰ ਖਤਮ ਕਰ ਕੇ ਪਾਰਟੀ ਨੂੰ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਹਮ-ਖਿਆਲੀ ਟਕਸਾਲੀ ਆਗੂਆਂ ਨੂੰ ਇਕੱਠੇ ਕਰ ਕੇ ਪਾਰਟੀ ਅੰਦਰ ਰਹਿ ਕੇ ਸਿਧਾਂਤਕ ਲੜਾਈ ਲੜਣ ਦਾ ਫੈਸਲਾ ਸੀ, ਨਾ ਕਿ ਕੋਈ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ। ਉਨ੍ਹਾਂ ਕਿਹਾ ਕਿ ਇਸ ਪਾਰਟੀ 'ਚ ਉਹ ਵੀ ਸ਼ਾਮਲ ਹਨ, ਜਿਨ੍ਹਾਂ ਦੇ ਬਜ਼ੁਰਗਾਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਸੰਘਰਸ਼ੀ ਮੋਰਚਿਆਂ ਨੂੰ ਲੜਾਈ ਲੜ ਕੇ ਪਾਰਟੀ ਨੂੰ ਮਜ਼ਬੂਤ ਕੀਤਾ। ਆਪਣੇ ਪਿਤਾ ਨਾਲ ਖੜ੍ਹਨ ਅਤੇ ਪਾਰਟੀ ਵੱਲੋਂ ਮੁਅੱਤਲ ਕਰਨ ਦੇ ਫੈਸਲੇ ਬਾਰੇ ਉਨ੍ਹਾਂ ਗੰਭੀਰ ਲਹਿਜੇ 'ਚ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਪਾਰਟੀ ਅੰਦਰ ਅਜਿਹੇ ਗੈਰ-ਸਿਧਾਂਤਕ ਫੈਸਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਸਿਧਾਂਤ ਤੋਂ ਦੂਰ ਰਹਿ ਕੇ ਪਾਰਟੀ ਆਗੂਆਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਅਜਿਹੇ ਫੈਸਲੇ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਰਿਵਾਰ ਦੇ ਨਹੀਂ ਬਣ ਸਕਦੇ ਤਾਂ ਲੋਕਾਂ ਲਈ ਕੀ ਬਣ ਸਕਾਂਗੇ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਿਆ ਹੈ ਪਰ ਅੱਜ ਚਾਪਲੂਸ ਲੋਕਾਂ ਨੇ ਪਾਰਟੀ ਦਾ ਸਿਧਾਂਤ ਹੀ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦਾ ਘਰ ਬੈਠੇ ਟਕਸਾਲੀਆਂ ਨੂੰ ਨਾਲ ਜੋੜਨਗੇ। ਅਖੀਰ 'ਚ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਨੂੰ ਸਿਧਾਂਤਕ ਤੌਰ 'ਤੇ ਹੋਰ ਮਜ਼ਬੂਤ ਕਰਨ ਲਈ ਹਮ-ਖਿਆਲੀ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਇਕ ਮੰਚ 'ਤੇ ਇਕੱਠੇ ਕਰਨ ਲਈ ਯਤਨਸ਼ੀਲ ਹਾਂ ਅਤੇ ਉਨ੍ਹਾਂ ਵੱਲੋਂ ਸਾਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਬਣਾਂਵਾਲੀ, ਸਤਨਾਮ ਸਿੰਘ ਭਲਾਈ ਕੇ, ਮਹਿੰਦਰ ਸਿੰਘ ਭੰਮੇ ਕਲਾਂ, ਜਸਵੰਤ ਸਿੰਘ ਜ਼ੈਲਦਾਰ ਸਾਬਕਾ ਸਰਪੰਚ, ਤਜਿੰਦਰ ਸਿੰਘ ਸਰਪੰਚ ਨੰਗਲ ਕਲਾਂ ਆਦਿ ਹਾਜ਼ਰ ਸਨ।