BJP 'ਚ ਸ਼ਾਮਲ ਹੋਣ ਵਾਲੇ ਕਾਂਗਰਸ ਦੇ 6ਵੇਂ ਮੰਤਰੀ 'ਮਨਪ੍ਰੀਤ ਬਾਦਲ', ਸਾਹਮਣੇ ਹਨ ਵੱਡੀਆਂ ਚੁਣੌਤੀਆਂ

Thursday, Jan 19, 2023 - 09:03 AM (IST)

BJP 'ਚ ਸ਼ਾਮਲ ਹੋਣ ਵਾਲੇ ਕਾਂਗਰਸ ਦੇ 6ਵੇਂ ਮੰਤਰੀ 'ਮਨਪ੍ਰੀਤ ਬਾਦਲ', ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਚੰਡੀਗੜ੍ਹ/ਲੁਧਿਆਣਾ (ਹਰੀਸ਼ਚੰਦਰ, ਹਿਤੇਸ਼) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਬੁੱਧਵਾਰ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਲ ਹੋ ਗਏ। ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਉਹ 6ਵੇਂ ਮੰਤਰੀ ਹਨ। ਇਸ ਤੋਂ ਪਹਿਲਾਂ ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਵਿਧਾਇਕ ਫ਼ਤਹਿਜੰਗ ਬਾਜਵਾ ਅਤੇ ਚੋਣਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਭਾਜਪਾ ਸੂਤਰਾਂ ਅਨੁਸਾਰ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਦੌਰਾਨ ਹੋਰ ਪਾਰਟੀਆਂ ਦੇ ਕਈ ਸੀਨੀਅਰ ਆਗੂ ਵੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਲਈ ਵਿਭਾਗ ਨੇ ਜਾਰੀ ਕਰ ਦਿੱਤੀ ਚਿਤਾਵਨੀ

ਮਨਪ੍ਰੀਤ ਬਾਦਲ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕਾਂਗਰਸ 'ਚ ਸ਼ਾਮਲ ਹੋਏ ਸਨ ਅਤੇ ਖ਼ਾਸ ਗੱਲ ਇਹ ਹੈ ਕਿ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਛੱਡ ਕੇ ‘ਭਾਰਤ ਜੋੜੋ ਯਾਤਰਾ’ ਦੌਰਾਨ ਹਿਮਾਚਲ ਪ੍ਰਦੇਸ਼ ਗਏ, ਉਸੇ ਦਿਨ ਮਨਪ੍ਰੀਤ ਨੇ ਵੀ ਪਾਰਟੀ ਛੱਡ ਦਿੱਤੀ। ਪੰਜਾਬ 'ਚ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਆਧਾਰ ਮਜਬੂਤ ਕਰਨ 'ਚ ਜੁੱਟੀ ਭਾਜਪਾ ਲਈ ਮਨਪ੍ਰੀਤ ਬਾਦਲ ਦਾ ਪਾਰਟੀ ’ਚ ਆਉਣਾ ਵੱਡੀ ਪ੍ਰਾਪਤੀ ਹੈ। ਅਸਲ 'ਚ ਭਾਜਪਾ ਦਾ ਮੁੱਖ ਫੋਕਸ ਮਾਲਵਾ ਹੀ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਇਸ ਖੇਤਰ ਦੇ ਬਹੁਤੇ ਸਿੱਖ ਆਗੂਆਂ ਨੂੰ ਆਪਣੇ ਨਾਲ ਜੋੜਨ 'ਚ ਲੱਗੀ ਹੋਈ ਹੈ। ਪਾਰਟੀ ਆਗਾਮੀ ਲੋਕ ਸਭਾ ਚੋਣਾਂ 'ਚ ਬਠਿੰਡਾ ਸੀਟ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਹਾਲਾਂਕਿ ਭਾਜਪਾ ਆਗੂ ਕਹਿ ਰਹੇ ਹਨ ਕਿ ਅਜਿਹਾ ਕੋਈ ਸੌਦਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਣ ਮਗਰੋਂ 'ਮਨਪ੍ਰੀਤ ਬਾਦਲ' ਦਾ ਪਹਿਲਾ ਬਿਆਨ, ਸ਼ਾਇਰਾਨਾ ਅੰਦਾਜ਼ 'ਚ ਮੋਦੀ ਦੀ ਕੀਤੀ ਤਾਰੀਫ਼
ਕਿਵੇਂ ਸਮਾਉਣਗੀਆਂ 1 ਮਿਆਨ ’ਚ 3 ਤਲਵਾਰਾਂ
ਮਨਪ੍ਰੀਤ ਬਾਦਲ ਭਾਵੇਂ ਕਾਂਗਰਸ 'ਚ ਹਾਸ਼ੀਏ ’ਤੇ ਕੀਤੇ ਜਾਣ ਕਾਰਨ ਅਲੱਗ-ਥਲੱਗ ਹੋ ਗਏ ਹੋਣ ਪਰ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਵੀ ਉਨ੍ਹਾਂ ਦੀ ਸਿਆਸਤ 'ਚ ਚੁਣੌਤੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਬਠਿੰਡਾ ਸ਼ਹਿਰੀ ਸੀਟ ਤੋਂ ਵਿਧਾਨ ਸਭਾ ਚੋਣ ਲੜਨ ਸਮੇਂ ਅਕਾਲੀ ਦਲ ਤੋਂ ਉਨ੍ਹਾਂ ਦੇ ਵਿਰੋਧੀ ਰਹੇ ਸਰੂਪ ਚੰਦ ਸਿੰਗਲਾ ਪਹਿਲਾਂ ਹੀ ਭਾਜਪਾ 'ਚ ਸ਼ਾਮਲ ਹੋ ਕੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਣ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਲਈ ਸਥਾਨਕ ਪੱਧਰ ’ਤੇ ਭਾਜਪਾ ਵਰਕਰਾਂ ਨਾਲ ਤਾਲਮੇਲ ਕਰਨਾ ਆਸਾਨ ਨਹੀਂ ਹੋਵੇਗਾ। ਇਸੇ ਤਰ੍ਹਾਂ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ 'ਚ ਸ਼ਾਮਲ ਹੋਣ ਤੋਂ ਬਾਅਦ ਰਾਜ ਨੰਬਰਦਾਰ ਨੇ 2022 'ਚ ਬਠਿੰਡਾ ਤੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜੀ ਸੀ। ਇਹ ਤਿੰਨੇ ਨੇਤਾ 2022 'ਚ ਚੋਣ ਲੜ ਰਹੇ ਸਨ ਅਤੇ ਹੁਣ ਇਹ ਤਿੰਨੇ ਭਾਜਪਾ 'ਚ ਹਨ। ਅਜਿਹੇ 'ਚ ਬਠਿੰਡਾ 'ਚ ਇਕ ਮਿਆਨ 'ਚ ਤਿੰਨ ਤਲਵਾਰਾਂ ਕਿਵੇਂ ਫਿੱਟ ਹੋਣਗੀਆਂ, ਇਹ ਸਵਾਲ ਹੁਣ ਤੋਂ ਹੀ ਚਰਚਾ 'ਚ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News