PSEB 10ਵੀਂ ਦੇ ਨਤੀਜੇ: 98.62 ਫ਼ੀਸਦੀ ਅੰਕ ਲੈ ਕੇ ਮਨਪ੍ਰੀਤ ਬਣੀ ਜਲੰਧਰ ਜ਼ਿਲ੍ਹੇ ’ਚ ਟਾਪਰ, ਖਵਾਹਿਸ਼ ਦੂਜੇ ਨੰਬਰ ’ਤੇ

05/27/2023 11:28:08 AM

ਜਲੰਧਰ (ਸੁਰਿੰਦਰ)–ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਵੀ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਸ਼ੁੱਕਰਵਾਰ ਨੂੰ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਹੁੰਦੇ ਹੀ ਮਾਪਿਆਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਮੈਰਿਟ ਵਿਚ ਆਏ 304 ਵਿਦਿਆਰਥੀਆਂ ਵਿਚੋਂ 20 ਵਿਦਿਆਰਥੀ ਜਲੰਧਰ ਜ਼ਿਲ੍ਹੇ ਦੇ ਹਨ, ਜਿਨ੍ਹਾਂ ਵਿਚ 18 ਲੜਕੀਆਂ ਅਤੇ ਸਿਰਫ਼ 2 ਲੜਕੇ ਹੀ ਸ਼ਾਮਲ ਹਨ। ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਸੋਢਲ ਰੋਡ ਦੀ ਮਨਪ੍ਰੀਤ ਕੌਰ 650 ਵਿਚੋਂ 641 (98.62 ਫ਼ੀਸਦੀ) ਅੰਕ ਲੈ ਕੇ ਜ਼ਿਲ੍ਹੇ ਵਿਚ ਟਾਪਰ ਰਹੀ। ਉਸ ਦਾ ਸੂਬੇ ਵਿਚ 7ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹੈ। ਉਥੇ ਹੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ-ਮਸੰਦਾਂ ਦੀ ਖਵਾਹਿਸ਼ ਨੇ 650 ਵਿਚੋਂ 640 ਅੰਕ ਅਤੇ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਜੈਸਮੀਨ ਨੇ ਵੀ 650 ਵਿਚੋਂ 640 ਅੰਕ ਲੈ ਕੇ ਸੂਬੇ ਵਿਚੋਂ 8ਵਾਂ ਅਤੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ।

ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਜਸਦੀਪ ਕੌਰ ਨੇ 650 ਵਿਚੋਂ 639 ਅਤੇ ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਤਨਵੀ ਨੇ 650 ਵਿਚੋਂ 639 ਅੰਕ ਹਾਸਲ ਕਰਕੇ ਸੂਬੇ ਵਿਚੋਂ 9ਵਾਂ ਅਤੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਨਵਜੀਤ ਕੌਰ ਨੇ 638 ਅੰਕ ਲੈ ਕੇ ਸੂਬੇ ਵਿਚੋਂ 11ਵਾਂ ਸਥਾਨ ਹਾਸਲ ਕੀਤਾ ਹੈ। ਐੱਸ. ਡੀ. ਪਬਲਿਕ ਸਕੂਲ ਅੱਪਰਾ ਦੀ ਸਿਮਰਨਜੀਤ ਕੌਰ ਨੇ 637 ਅੰਕ ਅਤੇ ਸੇਂਟ ਭ੍ਰਿਗੂ ਪਬਲਿਕ ਸਕੂਲ ਲਾਂਬੜਾ ਦੀ ਹਰਮਨ ਨੇ 637 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਦੇ ਸ਼ਿਵਮ ਕੰਡਾ 637 ਅੰਕ ਹਾਸਲ ਕਰ ਕੇ ਸੂਬੇ ਵਿਚੋਂ 11ਵਾਂ ਸਥਾਨ ਹਾਸਲ ਕੀਤਾ। ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੇ ਨਵਦੀਪ ਤੇ ਸਮ੍ਰਿਧੀ ਨੇ 635 ਅੰਕ ਲੈ ਕੇ 13ਵਾਂ ਸਥਾਨ ਹਾਸਲ ਕੀਤਾ। ਐੱਸ. ਡੀ. ਪਬਲਿਕ ਸਕੂਲ ਦੀ ਮੀਨਾਜ਼ ਅਤੇ ਸਰਕਾਰੀ ਸਕੂਲ ਸ਼ੰਕਰ ਦੀ ਜਸਪ੍ਰੀਤ ਕੌਰ ਨੇ 634 ਅੰਕਾਂ ਨਾਲ 14ਵਾਂ, ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਗੁਰਲੀਨ ਕੌਰ ਨੇ 633 ਅੰਕਾਂ ਨਾਲ 15ਵਾਂ, ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੀ ਕਿਰਨਪ੍ਰੀਤ ਕੌਰ ਅਤੇ ਹਰਮਨਜੀਤ ਕੌਰ ਨੇ 632 ਅੰਕ ਲੈ ਕੇ 16ਵਾਂ ਸਥਾਨ ਹਾਸਲ ਕੀਤਾ। ਦੋਆਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਜਸਅੰਮ੍ਰਿਤ ਕੌਰ ਨੇ 631 ਅੰਕ ਲੈ ਕੇ ਸੂਬੇ ਵਿਚੋਂ 17ਵਾਂ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

ਟਾਪਰਸ ਬੱਚਿਆਂ ਦੀ ਮੈਰਿਟ ਵਿਚ ਆਉਣ ਦੀ ਕਹਾਣੀ, ਕਿਵੇਂ ਮਿਹਨਤ ਕਰ ਕੇ ਇਥੋਂ ਤਕ ਪੁੱਜੇ
ਬੈਂਕ ਮੈਨੇਜਰ ਬਣ ਕੇ ਪਾਪਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ : ਮਨਪ੍ਰੀਤ ਕੌਰ

ਜ਼ਿਲ੍ਹੇ ਵਿਚ ਟਾਪਰ ਰਹੀ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਹਰਜਿੰਦਰ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਮਾਂ ਸਿਮਰਨ ਕੌਰ ਨੇ ਹੀ ਉਸ ਦਾ ਪਾਲਣ-ਪੋਸ਼ਣ ਕੀਤਾ। ਪਾਪਾ ਦਾ ਸੁਫ਼ਨਾ ਸੀ ਕਿ ਮੈਂ ਵੱਡੀ ਹੋ ਕੇ ਬੈਂਕ ਮੈਨੇਜਰ ਬਣਾਂ। ਸਕੂਲ ਪ੍ਰਿੰਸੀਪਲ ਪੂਨਮਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਚਰਨਜੀਤ ਕੌਰ ਦੇ ਨਾਲ-ਨਾਲ ਉਸ ਦੀ ਇੰਚਾਰਜ ਨੇ ਵੀ ਪੜ੍ਹਾਈ ਵਿਚ ਕਾਫ਼ੀ ਮਦਦ ਕੀਤੀ। ਉਨ੍ਹਾਂ ਜਿਹੜੇ ਵੀ ਨੋਟਸ ਬਣਾ ਕੇ ਦਿੱਤੇ, ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਕੀਤਾ। ਆਪਣੀ ਮਿਹਨਤ ਦਾ ਸਿਹਰਾ ਉਹ ਆਪਣੀ ਮਾਂ ਨੂੰ ਦੇਣਾ ਚਾਹੁੰਦੀ ਹੈ, ਜਿਸ ਨੇ ਦਿਨ-ਰਾਤ ਇਕ ਕਰ ਕੇ ਉਸਨੂੰ ਪੜ੍ਹਾਇਆ ਅਤੇ ਵਧੀਆ ਅੰਕ ਲੈਣ ਲਈ ਉਤਸ਼ਾਹਿਤ ਕੀਤਾ।

ਟੀਚਰ ਬਣ ਕੇ ਸਾਰਿਆਂ ਨੂੰ ਸਿੱਖਿਅਤ ਚਾਹੁੰਦੀ ਹਾਂ : ਖਵਾਹਿਸ਼
ਪਿੰਡ ਰੰਧਾਵਾ-ਮਸੰਦਾਂ ਦੀ ਖਵਾਹਿਸ਼ ਨੇ 98.46 ਅੰਕ ਲੈ ਕੇ ਜ਼ਿਲੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਖਵਾਹਿਸ਼ ਨੇ ਕਿਹਾ ਕਿ ਉਸਦੇ ਪਿਤਾ ਸ਼ੰਕਰ ਦੱਤ ਦਿੱਲੀ ਵਿਚ ਹੋਟਲ ਮੈਨੇਜਰ ਹਨ ਅਤੇ ਮਾਂ ਲਕਸ਼ਮੀ ਦੇਵੀ ਹਾਊਸ ਵਾਈਫ ਹੈ। ਪ੍ਰਿੰ. ਦਲਬੀਰ ਕੌਰ ਅਤੇ ਹੋਰਨਾਂ ਅਧਿਆਪਕਾਂ ਨੇ ਉਸ ਨੂੰ ਮਿਹਨਤ ਕਰਵਾਈ ਅਤੇ ਉਸ ਨੇ ਵੀ ਉਨ੍ਹਾਂ ਦੀ ਮਿਹਨਤ ਨੂੰ ਬੇਕਾਰ ਨਹੀਂ ਜਾਣ ਦਿੱਤਾ। ਅੱਗੇ ਚੱਲ ਕੇ ਉਹ ਟੀਚਰ ਬਣਨਾ ਅਤੇ ਹਰੇਕ ਬੱਚੇ ਨੂੰ ਸਿੱਖਿਅਤ ਕਰਨਾ ਚਾਹੁੰਦੀ ਹੈ। ਪਿੰਡ ਦੇ ਐੱਨ. ਆਰ. ਆਈਜ਼ ਅਤੇ ਪਿੰਡ ਵਾਸੀ ਸਭ ਤੋਂ ਜ਼ਿਆਦਾ ਮਦਦ ਬੱਚਿਆਂ ਦੀ ਪੜ੍ਹਾਈ ਵਿਚ ਕਰ ਰਹੇ ਹਨ ਅਤੇ ਉਸ ਨੂੰ ਖੁਸ਼ੀ ਹੈ ਕਿ ਅਜਿਹੀ ਪ੍ਰਿੰਸੀਪਲ ਅਤੇ ਪਿੰਡ ਦੇ ਲੋਕ ਉਸ ਨੂੰ ਮਿਲੇ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਉਸ ਨੂੰ ਪ੍ਰੇਰਿਤ ਕੀਤਾ।

PunjabKesari

ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਸਿਵਲ ਸਰਵਿਸਿਜ਼ ਵਿਚ ਜਾਣਾ ਚਾਹੁੰਦੀ ਹਾਂ : ਤਨਵੀ
ਐੱਸ. ਪੀ. ਪ੍ਰਾਈਮ ਸਕੂਲ ਦੀ ਤਨਵੀ ਨੇ 650 ਵਿਚੋਂ 639 ਅੰਕ ਲੈ ਕੇ ਸੂਬੇ ਵਿਚੋਂ 9ਵਾਂ ਅਤੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਤਨਵੀ ਅੱਗੇ ਚੱਲ ਕੇ ਆਈ. ਏ. ਐੱਸ. ਅਫ਼ਸਰ ਬਣਨਾ ਚਾਹੁੰਦੀ ਹੈ। ਇਸ ਲਈ ਅਗਲੀ ਪੜ੍ਹਾਈ ਲਈ ਉਸ ਨੇ ਆਰਟਸ ਸਟ੍ਰੀਮ ਚੁਣੀ ਹੈ। ਤਨਵੀ ਦੇ ਪਿਤਾ ਸੁਖਦੇਵ ਕੁਮਾਰ ਮੱਕੜ ਹਸਪਤਾਲ ਵਿਚ ਐਡਮਨਿਸਟ੍ਰੇਸ਼ਨ ਵਿਭਾਗ ਵਿਚ ਕੰਮ ਕਰਦੇ ਹਨ ਅਤੇ ਮਾਂ ਰਿਤੂ ਹਾਊਸ ਵਾਈਫ ਹੈ। ਤਨਵੀ ਨੇ ਕਿਹਾ ਕਿ ਇਹ ਤਾਂ ਪਤਾ ਸੀ ਕਿ ਮੇਰੇ ਵਧੀਆ ਅੰਕ ਆਉਣਗੇ ਪਰ ਇੰਨੇ ਵਧੀਆ ਦੀ ਉਮੀਦ ਨਹੀਂ ਸੀ। ਮੇਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਹਮੇਸ਼ਾ ਭਰੋਸਾ ਸੀ ਕਿ ਮੇਰਾ ਨਾਂ ਮੈਰਿਟ ਵਿਚ ਜ਼ਰੂਰ ਆਵੇਗਾ। ਹਮੇਸ਼ਾ ਪੜ੍ਹਾਈ ’ਤੇ ਹੀ ਫੋਕਸ ਰੱਖਿਆ। ਕਦੀ ਪੜ੍ਹਾਈ ਨਾਲ ਸਮਝੌਤਾ ਨਹੀਂ ਕੀਤਾ। ਸਾਰਾ ਸਾਲ ਮੈਨੇਜਮੈਂਟ ਬਣਾ ਕੇ ਪੜ੍ਹਾਈ ਕੀਤੀ। ਕੋਈ ਵੀ ਟਾਪਿਕ ਅਜਿਹਾ ਨਹੀਂ ਸੀ, ਜਿਸ ਨੂੰ ਮੈਂ ਛੱਡਿਆ ਹੋਵੇ। ਹਮੇਸ਼ਾ ਸਾਰੇ ਸਬਜੈਕਟਾਂ ਨੂੰ ਵਧੀਆ ਢੰਗ ਨਾਲ ਪੜ੍ਹਿਆ ਅਤੇ ਰਿਵਾਈਜ਼ ਕੀਤਾ। ਤਨਵੀ ਨੂੰ ਪੜ੍ਹਾਈ ਦੇ ਨਾਲ-ਨਾਲ ਡਾਂਸ ਅਤੇ ਡਰਾਇੰਗ ਦਾ ਵੀ ਕਾਫ਼ੀ ਸ਼ੌਂਕ ਹੈ।

PunjabKesari

ਜਸਅੰਮ੍ਰਿਤ ਬਣਨਾ ਚਾਹੁੰਦੀ ਹੈ ਆਈ. ਏ. ਐੱਸ.
ਦੋਆਬਾ ਖਾਲਸਾ ਮਾਡਲ ਸਕੂਲ ਲਾਡੋਵਾਲੀ ਰੋਡ ਦੀ ਜਸਅੰਮ੍ਰਿਤ ਨੇ 97.8 ਫੀਸਦੀ ਅੰਕ ਲੈ ਕੇ ਜ਼ਿਲੇ ਵਿਚੋਂ 17ਵਾਂ ਸਥਾਨ ਹਾਸਲ ਕੀਤਾ ਹੈ। ਜਸਅੰਮ੍ਰਿਤ ਨੇ ਕਿਹਾ ਕਿ ਉਹ ਆਈ. ਏ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ। ਪਿਤਾ ਜਗਦੀਪ ਸਿੰਘ ਟੂ-ਵ੍ਹੀਲਰ ਅਤੇ ਫੋਰ-ਵ੍ਹੀਲਰ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਹਨ ਅਤੇ ਮਾਂ ਕੁਲਜੀਤ ਕੌਰ ਹਾਊਸ ਵਾਈਫ ਹੈ। ਜਸਅੰਮ੍ਰਿਤ ਨੇ ਕਿਹਾ ਕਿ ਮੈਂ ਆਈ. ਏ. ਐੱਸ. ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹਾਂ। ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹੀ ਹਾਂ। ਪ੍ਰਿੰ. ਨੀਲਮ ਕੌਰ ਬੈਂਸ ਅਤੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬੀਰ ਸਿੰਘ ਤੇ ਮੈਨੇਜਰ ਜਸਜੀਤ ਸਿੰਘ ਰਾਏ ਨੇ ਜਸਅੰਮ੍ਰਿਤ ਦੀ ਇਸ ਸਫ਼ਲਤਾ ’ਤੇ ਉਸ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਵਿਦੇਸ਼ ਜਾ ਕੇ ਕੁਝ ਬਣਨਾ ਚਾਹੁੰਦੀ ਹੈ ਪਿੰਕੀ
ਪਿੰਡ ਰੰਧਾਵਾ-ਮਸੰਦਾਂ ਦੀ ਪਿੰਕੀ ਨੇ 98 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ। ਪਿਤਾ ਰਮਨ ਪੁਰੀ ਸੇਲਜ਼ਮੈਨ ਹਨ ਅਤੇ ਮਾਂ ਨੈਨਸੀ ਪੁਰੀ ਹਾਊਸ ਵਾਈਫ ਹੈ। ਸਕੂਲ ਪ੍ਰਿੰਸੀਪਲ ਦਲਬੀਰ ਕੌਰ ਅਤੇ ਸਕੂਲ ਸਟਾਫ਼ ਨੇ ਕਾਫ਼ੀ ਮਿਹਨਤ ਕਰਵਾਈ। ਅੱਗੇ ਚੱਲ ਕੇ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਉਥੇ ਜਾ ਕੇ ਕੁਝ ਨਾ ਕੁਝ ਬਣਨਾ ਚਾਹੁੰਦੀ ਹੈ, ਜਿਸ ਨਾਲ ਪੰਜਾਬ ਦਾ ਨਾਂ ਰੌਸ਼ਨ ਹੋ ਸਕੇ।

PunjabKesari

ਇਹ ਵੀ ਪੜ੍ਹੋ - ਫਗਵਾੜਾ ਦੇ ਮਸ਼ਹੂਰ ਹੋਟਲ ਦੇ ਮੈਨੇਜਰਾਂ ਦਾ ਕਾਰਨਾਮਾ ਬਣਿਆ ਚਰਚਾ ਦਾ ਵਿਸ਼ਾ, ਗਾਹਕ ਨਾਲ ਖੇਡੀ ਅਜੀਬ ਖੇਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News