GST ਦੀ ਰਾਸ਼ੀ ਲਈ ਅੱਜ ਕੇਂਦਰੀ ਵਿੱਤ ਮੰਤਰੀ ਨੂੰ ਮਿਲਣਗੇ ਮਨਪ੍ਰੀਤ ਬਾਦਲ

Wednesday, Dec 04, 2019 - 12:05 AM (IST)

GST ਦੀ ਰਾਸ਼ੀ ਲਈ ਅੱਜ ਕੇਂਦਰੀ ਵਿੱਤ ਮੰਤਰੀ ਨੂੰ ਮਿਲਣਗੇ ਮਨਪ੍ਰੀਤ ਬਾਦਲ

ਚੰਡੀਗੜ੍ਹ,(ਭੁੱਲਰ) : ਪੰਜਾਬ ਦੀ ਵਿੱਤੀ ਸੰਕਟ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ (4 ਦਸੰਬਰ) ਨੂੰ ਨਵੀਂ ਦਿੱਲੀ ਪਹੁੰਚ ਕੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੂੰ ਮਿਲ ਕੇ ਸੂਬੇ ਦੀ ਬਕਾਇਆ ਜੀ. ਐੱਸ. ਟੀ. ਰਾਸ਼ੀ ਦੀ ਤੁਰੰਤ ਅਦਾਇਗੀ ਲਈ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਭਾਵੇਂ ਵਿੱਤ ਮੰਤਰੀ ਵਲੋਂ ਪਿਛਲੇ ਦਿਨੀਂ ਵਿੱਤੀ ਸੰਕਟ ਦਾ ਮੁਲਾਜ਼ਮਾਂ 'ਤੇ ਕੋਈ ਅਸਰ ਨਾ ਪੈਣ 'ਤੇ ਤਨਖਾਹ ਸਮੇਂ ਸਿਰ ਜਾਰੀ ਕਰਨ ਦੀ ਗੱਲ ਆਖੀ ਗਈ ਸੀ ਪਰ ਅੱਜ ਵੀ ਬਹੁਤੇ ਮੁਲਾਜ਼ਮਾਂ ਨੂੰ ਦੇਰ ਸ਼ਾਮ ਤੱਕ ਤਨਖਾਹ ਜਾਰੀ ਨਹੀਂ ਕੀਤੀ ਗਈ।

ਜਾਣਕਾਰੀ ਮੁਤਾਬਕ ਸਿਰਫ਼ ਦਰਜਾ ਚਾਰ ਤੇ ਅਧਿਆਪਕ ਵਰਗ ਸਮੇਤ ਕੁੱਝ ਹੋਰ ਮੁਲਾਜ਼ਮਾਂ ਦੇ ਖਾਤੇ 'ਚ ਤਨਖਾਹ ਪਾਈ ਗਈ ਹੈ। ਤਨਖਾਹ 'ਚ ਦੇਰੀ ਕਾਰਨ ਪੰਜਾਬ ਭਰ 'ਚ ਮੁਲਾਜ਼ਮ ਸੜਕਾਂ 'ਤੇ ਉਤਰ ਕੇ ਰੋਸ ਮੁਜਾਹਰੇ ਕਰ ਰਹੇ ਹਨ ਤੇ ਪੰਜਾਬ ਸਕੱਤਰੇਤ ਵਲੋਂ ਵੀ ਸਖ਼ਤ ਰੋਸ ਜਤਾਇਆ ਗਿਆ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ 4 ਦਸੰਬਰ ਨੂੰ ਸਾਰੇ ਮੁਲਾਜ਼ਮਾਂ ਦੀ ਤਨਖਾਹ ਜਾਰੀ ਨਾ ਹੋਈ ਤਾਂ ਉਹ ਪੰਜਾਬ ਤੇ ਚੰਡੀਗੜ੍ਹ 'ਚ ਕੰਮਕਾਰ ਠੱਪ ਕਰਨ ਲਈ ਮਜਬੂਰ ਹੋਣਗੇ। ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨਾਲ 4 ਦਸੰਬਰ ਦੀ ਮੁਲਾਕਾਤ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਵੀ ਵਿੱਤੀ ਹਾਲਤ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਸੰਕਟ ਦੀ ਘੜੀ 'ਚੋਂ ਨਿੱਕਲਣ ਲਈ ਨਵਾਂ ਕਰਜ਼ਾ ਲੈਣ ਅਤੇ ਕੇਂਦਰ ਵਲੋਂ ਰਾਸ਼ੀ ਜਾਰੀ ਨਾ ਕਰਨ ਦੀ ਸੂਰਤ 'ਚ ਕਾਨੂੰਨੀ ਕਾਰਵਾਈ 'ਤੇ ਵੀ ਚਰਚਾ ਕੀਤੀ ਗਈ। ਮੰਤਰੀ ਮੰਡਲ ਦੀ 4 ਦਸੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਵੀ ਸੂਬੇ ਦੀ ਵਿੱਤੀ ਹਾਲਤ ਬਾਰੇ ਭਵਿੱਖ ਦੀ ਨੀਤੀ ਨੂੰ ਲੈ ਕੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਪੰਜਾਬ ਦੀ ਜੀ.ਐਸ.ਟੀ. ਮੁਆਵਜ਼ੇ ਦੀ ਬਕਾਇਆ 4100 ਕਰੋੜ ਦੀ ਰਾਸ਼ੀ ਜਾਰੀ ਹੋਣ 'ਤੇ ਸੂਬੇ ਨੂੰ ਸੰਕਟ 'ਚੋਂ ਨਿੱਕਲਣ 'ਚ ਮਦਦ ਮਿਲ ਸਕਦੀ ਹੈ।

 


Related News