ਮਨਪ੍ਰੀਤ ਬਾਦਲ ਨੇ ਮਾਂ ਦੀਆਂ ਅਸਥੀਆਂ ਧਰਤੀ ’ਚ ਦੱਬ ਕੇ ਲਾਇਆ ‘ਟਾਹਲੀ ਦਾ ਬੂਟਾ’ (ਤਸਵੀਰਾਂ)
Friday, Mar 20, 2020 - 05:09 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) - ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਪਤਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਦਾ ਦੇਹਾਂਤ ਬੀਤੇ ਦਿਨ ਹੋ ਗਿਆ ਸੀ। ਹਰਮੰਦਰ ਕੌਰ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਅੱਜ ਇਕੱਠੀਆਂ ਕਰਨ ਤੋਂ ਬਾਅਦ ਧਰਤੀ ਹੇਠ ਦੱਬ ਕੇ ਟਾਹਲੀ ਦਾ ਬੂਟਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾਦਲ ਦੇ ਸਮਸ਼ਾਨਘਾਟ ਵਿਚ ਅਸਥੀਆਂ ਚੁਗਣ ਦੀ ਰਸਮ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਸਮੇਤ ਸਾਰਾ ਬਾਦਲ ਪਰਿਵਾਰ ਹਾਜ਼ਰ ਸੀ, ਜਦੋਂਕਿ ਇਸ ਮੌਕੇ ਪੰਜਾਬ ਦੇ ਕਈ ਵਿਧਾਇਕ ਅਤੇ ਕਾਂਗਰਸੀ ਆਗੂ ਵੀ ਹਾਜ਼ਰ ਰਹੇ। ਦੱਸਣਯੋਗ ਹੈ ਕਿ ਪੰਜਾਬ ਅੰਦਰ ਵਾਤਾਵਰਣ ਅਤੇ ਪਾਣੀ ਪਲੀਤ ਹੋਣ ਦੇ ਮੱਦੇਨਜ਼ਰ ਬਾਦਲ ਪਰਿਵਾਰ ਨੇ ਮਾਤਾ ਹਰਮਿੰਦਰ ਕੌਰ ਦੀਆਂ ਅਸਥੀਆਂ ਨੂੰ ਆਪਣੇ ਘਰ ਦੇ ਨਾਲ ਲੱਗਦੇ ਖੇਤ ਵਿਚ ਦੱਬ ਕੇ ਪੌਦਾ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਪੜ੍ਹੋ ਇਹ ਵੀ ਖਬਰ - ਦੁੱਖ ਦੀ ਘੜੀ 'ਚ ਇਕੱਠੇ ਹੋਏ ਮਨਪ੍ਰੀਤ ਤੇ ਸੁਖਬੀਰ, ਮਾਂ ਦੀ ਅਰਥੀ ਨੂੰ ਦਿੱਤਾ ਮੋਢਾ (ਤਸਵੀਰਾਂ)
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮਾਤਾ ਜੀ ਦੀਆਂ ਅਸਥੀਆਂ ਨੂੰ ਖੇਤ ਵਿਚ ਦਬਾਉਣ ਤੋਂ ਬਾਅਦ ਉਸ ਉੱਪਰ ਟਾਹਲੀ ਦਾ ਪੌਦਾ ਲਗਾ ਦਿੱਤਾ। ਲਗਾਏ ਗਏ ਉਕਤ ਟਾਹਲੀ ਦੇ ਦਰੱਖਤ ਦੀ ਦੇਖਭਾਲ ਖੁਦ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਜਾਵੇਗੀ। ਪਰਿਵਾਰ ਦਾ ਮੰਨਣਾ ਹੈ ਕਿ ਟਾਹਲੀ ਦਾ ਦਰੱਖਤ ਹਮੇਸ਼ਾਂ ਮਾਤਾ ਹਰਮਿੰਦਰ ਕੌਰ ਜੀ ਦੀ ਯਾਦ ਦਿਵਾਉਂਦਾ ਰਹੇਗਾ। ਬਾਦਲ ਪਰਿਵਾਰ ਵਲੋਂ ਅਜਿਹਾ ਕਰਕੇ ਵਾਤਾਵਰਣ ਅਤੇ ਪਾਣੀ ਨੂੰ ਪਲੀਤ ਨਾ ਕਰਨ ਦਾ ਵੱਡਾ ਸੁਨੇਹਾ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮਾਤਾ ਦੇ ਦਿਹਾਂਤ 'ਤੇ ਸੁਖਬੀਰ ਬਾਦਲ ਨੇ ਕੀਤਾ ਦੁੱਖ ਪ੍ਰਗਟਾਵਾ
ਪੜ੍ਹੋ ਇਹ ਵੀ ਖਬਰ - ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਮਾਤਾ ਦੇ ਦਿਹਾਂਤ 'ਤੇ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਾਤਾ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਧਰਮਪਤਨੀ ਸ਼੍ਰੀਮਤੀ ਹਰਮੰਦਰ ਕੌਰ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਉਹ 84 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਾਦਲ ਵਿਖੇ ਕੀਤਾ ਗਿਆ। ਮਨਪ੍ਰੀਤ ਬਾਦਲ ਦੀ ਮਾਤਾ ਦੇ ਦਿਹਾਂਤ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਬੇਟੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਦੁੱਖ ਦੀ ਘੜੀ ’ਚ ਮਨਪ੍ਰੀਤ ਬਾਦਲ ਨਾਲ ਆਪਣੀ ਨੇੜਤਾ ਦਿਖਾਈ ਹੈ ਉਸ ਨੂੰ ਸਿਆਸੀ ਤੌਰ ’ਤੇ ਬੇਹੱਦ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਰਾ ਹਨ ਅਤੇ ਮਨਪ੍ਰੀਤ ਤੇ ਸੁਖਬੀਰ ਦੋਵੇਂ ਚਚੇਰੇ ਭਰਾ ਹਨ, ਜਿਸ ਕਾਰਣ ਬਾਦਲ ਪਰਿਵਾਰ ਦਾ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਣਾ ਕੋਈ ਹੈਰਾਨੀਜਨਕ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਵਿਚ ਮਤਭੇਦਾਂ ਦੀ ਖਾਈ ਦੇ ਬਾਵਜੂਦ ਸੁਖਬੀਰ ਬਾਦਲ ਨੇ ਮਨਪ੍ਰੀਤ ਦੀ ਮਾਤਾ ਦੇ ਅੰਤਿਮ ਸੰਸਕਾਰ ’ਚ ਸਭ ਤੋਂ ਅੱਗੇ ਰਹਿ ਕੇ ਅੰਤਿਮ ਰਸਮਾਂ ਨੂੰ ਨਿਭਾਉਣ ’ਚ ਸਹਾਇਕ ਹੋਏ ਹਨ।