ਚੋਣਾਂ ''ਚ ''ਠੱਗੇ'' ਗਏ ਮਨਪ੍ਰੀਤ ਬਾਦਲ, ਕਿਸੇ ਹੋਰ ਨੇ ਪਾਈ ਵੋਟ (ਵੀਡੀਓ)

Monday, Dec 31, 2018 - 06:47 PM (IST)

ਬਠਿੰਡਾ : ਪੰਜਾਬ ਵਿਚ ਐਤਵਾਰ ਨੂੰ 13276 ਪੰਚਾਇਤਾਂ ਲਈ ਪਈਆਂ ਵੋਟਾਂ ਦੌਰਾਨ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ। ਚੋਣਾਂ ਲਈ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਬਾਵਜੂਦ ਇਸਦੇ ਜਾਅਲੀ ਵੋਟਾਂ ਦਾ ਮਾਮਲਾ ਵੀ ਗਰਮਾਇਆ ਰਿਹਾ। ਹੱਦ ਤਾਂ ਉਦੋਂ ਹੋ ਗਈ ਜਦੋਂ ਪਤਾ ਲੱਗਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਵੀ 'ਜਾਅਲੀ' ਭੁਗਤਾ ਦਿੱਤੀ ਗਈ, ਜਦਕਿ ਉਹ ਇੱਥੇ ਆਏ ਹੀ ਨਹੀਂ ਸਨ। ਦਰਅਸਲ ਪਿੰਡ ਬਾਦਲ ਦੇ ਚੋਣ ਬੂਥ 103 'ਤੇ ਵਾਰਡ ਨੰਬਰ ਅੱਠ ਦੀ ਵੋਟ ਨੰਬਰ 14 ਨੂੰ ਕੋਈ ਜਾਅਲੀ ਰੂਪ ਵਿਚ ਭੁਗਤਾ ਗਿਆ। ਇਹ ਵੋਟ ਕਿਸੇ ਹੋਰ ਦੀ ਨਹੀਂ ਸਗੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੀ, ਮਨਪ੍ਰੀਤ ਪਿੰਡ ਤਾਂ ਕੀ ਪੰਜਾਬ ਵਿਚ ਵੀ ਨਹੀਂ ਸਨ ਅਤੇ ਉਹ ਸੂਬੇ ਤੋਂ ਬਾਹਰ ਕਿਸੇ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਗਏ ਹੋਏ ਸਨ।
ਖਜ਼ਾਨਾ ਮੰਤਰੀ ਦੀ ਵੋਟ ਜਾਅਲੀ ਭੁਗਤਣ ਦਾ ਖ਼ੁਲਾਸਾ ਹੋਣ 'ਤੇ ਚੋਣ ਬੂਥ ਵਿਚ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਚੋਣ ਅਮਲੇ ਅਤੇ ਪ੍ਰੀਜ਼ਾਇਡਿੰਗ ਅਫ਼ਸਰ ਦੇਵ ਵਰਤ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਵੋਟ ਪਾਉਣ ਲਈ ਨਹੀਂ ਪੁੱਜੇ ਪਰ ਪਤਾ ਨਹੀਂ ਕਿ ਉਨ੍ਹਾਂ ਦੀ ਵੋਟ ਕੌਣ ਪਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਚਾਇਤ ਚੋਣਾਂ ਨਿਰਪੱਖ ਕਰਵਾਉਣ ਦੇ ਦਾਅਵਿਆਂ ਦੀ ਫੂਕ ਨਿੱਕਲ ਗਈ, ਜਦ ਸੂਬੇ ਦੇ ਵਜ਼ੀਰ-ਏ-ਖ਼ਜ਼ਾਨਾ ਦੀ ਵੋਟ ਵੀ ਜਾਅਲਸਾਜ਼ੀ ਨਾਲ ਭੁਗਤਾਈ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਦਲ ਪਿੰਡ ਤੋਂ ਸਰਪੰਚੀ ਲਈ ਉਮੀਦਵਾਰੀ ਲਈ ਮੈਦਾਨ 'ਚ ਖੜ੍ਹੇ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਹਾਰ ਹੋਈ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਸਰਪੰਚੀ ਮਿਲੀ ਹੈ।


author

Gurminder Singh

Content Editor

Related News