ਸਾਡਾ ਪੇਸ਼ ਕੀਤਾ ਜਾਣ ਵਾਲਾ ਬਜਟ ਪੰਜਾਬ ਦੇ ਹਿੱਤ ''ਚ ਹੋਵੇਗਾ : ਮਨਪ੍ਰੀਤ ਬਾਦਲ

Saturday, Mar 24, 2018 - 01:45 AM (IST)

ਸਾਡਾ ਪੇਸ਼ ਕੀਤਾ ਜਾਣ ਵਾਲਾ ਬਜਟ ਪੰਜਾਬ ਦੇ ਹਿੱਤ ''ਚ ਹੋਵੇਗਾ : ਮਨਪ੍ਰੀਤ ਬਾਦਲ

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਸ਼ੈਰੀ, ਪਰਮਜੀਤ, ਕੁਲਦੀਪ, ਹਰਚਰਨ, ਬਿੱਟੂ)—ਪੰਜਾਬ ਸਰਕਾਰ ਵੱਲੋਂ ਇਸ ਵਾਰ ਪੇਸ਼ ਕੀਤਾ ਜਾਣ ਵਾਲਾ ਬਜਟ ਪੰਜਾਬ ਦੇ ਹਿੱਤ ਵਿਚ ਹੋਵੇਗਾ। ਇਹ ਦਾਅਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫਿਰੋਜ਼ਪੁਰ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕੀਤਾ ਅਤੇ ਕਿਹਾ ਕਿ ਇਹ ਸਾਡਾ ਵਾਅਦਾ ਹੈ ਕਿ ਕੁਝ ਸਮੇਂ ਦੇ ਬਾਅਦ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ਅੰਗਰੇਜ਼ਾਂ ਅਤੇ ਮੁਗਲਾਂ ਨੇ ਸ਼ਾਇਦ ਓਨਾ ਦੇਸ਼ ਨੂੰ ਨਹੀਂ ਲੁੱਟਿਆ ਹੋਵੇਗਾ, ਜਿੰਨਾ ਪੰਜਾਬ ਨੂੰ ਪਿਛਲੀ  ਸਰਕਾਰ ਨੇ ਲੁੱਟਿਆ। ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਵਿਗੜੀ ਆਰਥਿਕਤਾ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿਚ ਪੰਜਾਬ ਦੇ ਲੋਕ ਖੁਦ ਕਹਿਣਗੇ ਕਿ ਪੰਜਾਬ ਖੁਸ਼ਹਾਲ ਅਤੇ ਚੜ੍ਹਦੀਕਲਾ ਵੱਲ ਵੱਧ ਰਿਹਾ ਹੈ। ਅਸੀਂ ਕੁਰਸੀਆਂ ਜਾਂ ਆਹੁਦਿਆਂ ਦੇ ਭੁੱਖੇ ਨਹੀਂ ਹਾਂ, ਬਲਕਿ ਪੰਜਾਬ ਦੇ ਹਿਤੈਸ਼ੀ ਹਾਂ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੇ ਲਈ ਦਿਨ-ਰਾਤ ਇਕ ਕਰ ਰਹੇ ਹਾਂ। 
ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜਲਦ ਕੇਂਦਰ ਵਿਚ ਵੀ ਕਾਂਗਰਸ ਦੀ ਸਰਕਾਰ ਆਵੇਗੀ ਅਤੇ ਦੇਸ਼ ਖੁਸ਼ਹਾਲੀ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਸਾਲ 2004 ਤੋਂ 2014 ਤੱਕ ਦੇਸ਼ ਵਿਚ 10 ਫੀਸਦੀ ਗਰੋਥ ਰਹੀ ਹੈ ਅਤੇ ਫਿਰ ਤੋਂ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਦੇਸ਼ ਆਰਥਿਕ ਮਜ਼ਬੂਤੀ ਵੱਲ ਵਧੇਗਾ। ਇਸ ਵਾਰ ਹੁਸੈਨੀਵਾਲਾ ਵਿਚ ਲੋਕਾਂ ਦਾ ਇਕੱਠ ਘੱਟ ਸੀ, ਅੱਗੇ ਤੋਂ ਸਾਰਾ ਪ੍ਰਬੰਧ ਮੈਂ ਕਰਾਂਗਾ। ਮਨਪ੍ਰੀਤ ਸਿੰਘ ਬਾਦਲ ਨੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਵਾਰ 88ਵੀਂ ਸ਼ਹੀਦੀ ਕਾਨਫਰੰਸ ਵਿਚ ਆਮ ਲੋਕਾਂ ਦੀ ਹਾਜ਼ਰੀ ਘੱਟ ਸੀ ਪਰ ਅੱਗੇ ਤੋਂ ਇਸ ਸ਼ਹੀਦੀ ਕਾਨਫਰੰਸ ਦਾ ਪ੍ਰਬੰਧ ਮੈਂ ਖੁਦ ਦੇਖਿਆ ਕਰਾਂਗਾ। ਹੁਸੈਨੀਵਾਲਾ ਅਤੇ ਸ਼ਹੀਦਾਂ ਨਾਲ ਸਬੰਧਤ ਫਿਰੋਜ਼ਪੁਰ ਦੇ ਸਮਾਰਕਾਂ ਦੇ ਲਈ ਬਜਟ ਵਿਚ ਕੁਝ ਵਿਸ਼ੇਸ਼ ਰੱਖਾਂਗਾ ਜਦ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰਕਾਰਾਂ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਦੇ ਸੇਵਾ-ਮੁਕਤ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨੇ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ, ਤੂੜੀ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਦੀ ਉਹ ਬਿਲਡਿੰਗ ਜਿਥੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀ ਮੀਟਿੰਗਾਂ ਕਰਿਆ ਕਰਦੇ ਸਨ ਆਦਿ ਸਥਾਨਾਂ ਨੂੰ ਨੈਸ਼ਨਲ ਮੋਨੋਮੈਂਟ ਐਲਾਨ ਕਰਵਾਉਣ ਦੇ ਲਈ ਸਭ ਤਰ੍ਹਾਂ ਦੀ ਕਾਰਵਾਈ ਪੂਰੀ ਕਰ ਲਈ ਸੀ ਪਰ ਸੱਤਾ ਵਿਚ ਰਹੀ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ  ਬਜਟ ਵਿਚ ਹੁਸੈਨੀਵਾਲਾ ਦੇ ਲਈ ਕੁਝ ਵਿਸ਼ੇਸ਼ ਰੱਖਾਂਗਾ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਦਿ ਮੌਜੂਦ ਸਨ। 


Related News