ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਵੀਨੂੰ ਬਾਦਲ
Wednesday, Feb 07, 2018 - 06:37 AM (IST)
ਬਠਿੰਡਾ(ਵਰਮਾ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗੜ੍ਹ ਬਠਿੰਡਾ 'ਚ ਹੋਏ ਡੈਮੇਜ ਨੂੰ ਕੰਟਰੋਲ ਕਰਨ ਲਈ ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ ਨੇ ਵਫਾਦਾਰ ਸੈਨਿਕ ਵਾਂਗ ਮੋਰਚਾ ਸੰਭਾਲਦਿਆਂ ਘਰ-ਘਰ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਦੀ ਸ਼ਿਕਾਇਤ ਸੀ ਕਿ ਵਿੱਤ ਮੰਤਰੀ ਨੂੰ ਮਿਲਣ ਲਈ ਕਈ ਪੜਾਵਾਂ ਤੋਂ ਲੰਘਣਾ ਪੈਂਦਾ ਹੈ ਜਦਕਿ ਉਨ੍ਹਾਂ ਨੂੰ ਘੇਰਾ ਪਾਏ ਕਾਂਗਰਸ ਆਗੂ ਕਿਸੇ ਨੂੰ ਅੱਗੇ ਨਹੀਂ ਆਉਣ ਦਿੰਦੇ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸ਼ਹਿਰੀ ਪ੍ਰਧਾਨ ਮਨਮਾਨੀਆਂ ਕਰ ਰਿਹਾ ਹੈ ਅਤੇ ਉਸ ਦੀ ਬਦਸਲੂਕੀ ਤੋਂ ਲੋਕ ਦੁਖੀ ਹਨ। ਇਹੀ ਕਾਰਨ ਹੈ ਕਿ ਸ਼ਹਿਰ 'ਚ ਕਾਂਗਰਸ ਕਾਰਜਕਾਰੀਆਂ ਦਾ ਮਨੋਬਲ ਵੀ ਲਗਾਤਾਰ ਡਿਗਦਾ ਜਾ ਰਿਹਾ ਹੈ। ਵੀਨੂੰ ਬਾਦਲ ਅੱਜ ਕਾਂਗਰਸ ਕਾਰਜਕਾਰੀ ਰਾਜ ਕੁਮਾਰ ਰਾਜ ਦੇ ਘਰ ਉਨ੍ਹਾਂ ਦੇ ਪਿਤਾ ਓਂਕਾਰ ਨਾਥ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਨ ਪਹੁੰਚੇ ਸਨ। ਉਥੇ ਵੀ ਗਲੀ-ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਕਾਂਗਰਸ ਦਾ ਇਹੀ ਹਾਲ ਰਿਹਾ ਤਾਂ ਅੱਗੇ ਚੋਣ ਜਿੱਤਣਾ ਮੁਸ਼ਕਲ ਹੋ ਜਾਵੇਗਾ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹ ਚੋਣਾਂ ਦੌਰਾਨ ਹੋਈ ਦੁਰਘਟਨਾ ਨੂੰ ਲੈ ਕੇ ਆਪਣੇ ਪੈਰ ਦਾ ਇਲਾਜ ਕਰਵਾ ਰਹੀ ਸੀ ਤੇ ਹੁਣ ਉਹ ਚੱਲਣ-ਫਿਰਨ ਵਿਚ ਠੀਕ ਹਨ ਤੇ ਪੂਰਾ ਸਮਾਂ ਲੋਕਾਂ ਦੀ ਸੇਵਾ 'ਚ ਲਾਉਣਗੇ। ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਓ. ਐੱਸ. ਡੀ. ਦਰਸ਼ਨ ਘੁੱਦਾ, ਸਰਫਰਾਜ ਸਿੰਘ, ਨਰਿੰਦਰ ਕੁਮਾਰ ਸੋਨੀ, ਸੁਮਨ ਕੁਮਾਰ ਵਰਮਾ, ਜਤਿੰਦਰ ਕੁਮਾਰ, ਗੋਰਵ ਵਰਮਾ ਤੇ ਹੋਰ ਮੌਜੂਦ ਸਨ।
