ਮਨਪ੍ਰੀਤ ਬਾਦਲ ਤਣਾਅ-ਮੁਕਤ ਹੋਣ ਲਈ ਕਰਦੇ ਨੇ ਗਊ ਸੇਵਾ

Sunday, Oct 29, 2017 - 03:22 PM (IST)

ਬਠਿੰਡਾ- ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਨੂੰ ਤਣਾਅ-ਮੁਕਤ ਕਰਨ ਲਈ ਗਊ ਦੀ ਸੇਵਾ ਕਰਦੇ ਹਨ।ਉਨ੍ਹਾਂ ਇਹ ਖ਼ੁਲਾਸਾ ਇਥੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ 'ਚ ਗਊ ਪੂਜਣ ਦੇ ਸਮਾਗਮ ਮਗਰੋਂ ਕੀਤਾ। ਮਨਪ੍ਰੀਤ ਬਾਦਲ ਨੇ ਆਖਿਆ,''ਮੈਨੂੰ ਬੜੀ ਅਕੀਦਤ ਹੈ ਇਸ ਸਥਾਨ ਨਾਲ । ਵਕਫ਼ੇ-ਵਕਫ਼ੇ 'ਤੇ ਜਦੋਂ ਮੈਨੂੰ ਤਣਾਅ ਹੁੰਦਾ ਹੈ, ਕਿਸੇ ਗੱਲ ਦਾ ਫਿਕਰ ਹੁੰਦਾ ਹੈ ਤਾਂ ਮੈਂ ਹਮੇਸ਼ਾ ਗਊ ਮਾਤਾ ਦੀ ਸੇਵਾ ਕਰਨ ਜਾਂਦਾ ਹਾਂ।'' ਖ਼ਜ਼ਾਨਾ ਮੰਤਰੀ ਨੇ ਗਊ ਪੂਜਣ ਮੌਕੇ ਸਭ ਰਸਮਾਂ ਵੀ ਨਿਭਾਈਆਂ ਅਤੇ ਗਊਸ਼ਾਲਾ 'ਚ ਗਊਆਂ ਨੂੰ ਗੁੜ-ਸ਼ੱਕਰ ਆਦਿ ਵੀ ਪਾਇਆ। ਉਨ੍ਹਾਂ ਬਠਿੰਡਾ ਸ਼ਹਿਰ 'ਚ ਕਈ ਹੋਰ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਅਤੇ ਆਪਣੇ ਦਫ਼ਤਰ 'ਚ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ । ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ 'ਚ ਹਿੰਦੂ ਆਬਾਦੀ ਕਾਫੀ ਗਿਣਤੀ 'ਚ ਹੈ। ਖ਼ਜ਼ਾਨਾ ਮੰਤਰੀ ਨੇ ਆਖਿਆ ਕਿ ਸੂਬੇ 'ਚ ਅਗਲੇ ਵਰ੍ਹੇ ਤੋਂ ਸ਼ਰਾਬ ਦੇ ਰੇਟ ਘਟਾਏ ਜਾਣਗੇ ਅਤੇ ਤਸਕਰੀ ਰੋਕਣ ਲਈ ਨਵੀਂ ਆਬਕਾਰੀ ਨੀਤੀ ਤਹਿਤ ਅਜਿਹੇ ਕਦਮ ਚੁੱਕੇ ਜਾਣਗੇ। ਪੰਜਾਬ 'ਚ ਹਰਿਆਣਾ ਨਾਲੋਂ ਸ਼ਰਾਬ ਦੇ ਰੇਟ ਜ਼ਿਆਦਾ ਹਨ ਅਤੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਮਾਲੀਆ ਆਬਕਾਰੀ ਤੋਂ ਆਉਂਦਾ ਹੈ। ਉਨ੍ਹਾਂ ਆਖਿਆ ਕਿ ਦੂਸਰੇ ਸੂਬਿਆਂ ਨਾਲ ਲਗਦੀ ਸੀਮਾ ਦਾ 30 ਕਿਲੋਮੀਟਰ ਦਾ ਘੇਰਾ ਤਸਕਰੀ ਦੀ ਮਾਰ ਹੇਠ ਆ ਚੁੱਕਾ ਹੈ ਜਿਸ ਦਾ ਮਤਲਬ ਹੈ ਕਿ ਅੱਧਾ ਪੰਜਾਬ ਸ਼ਰਾਬ ਤਸਕਰੀ ਦੀ ਮਾਰ ਝੱਲ ਰਿਹਾ ਹੈ। ਸ਼ਰਾਬ ਦੀ ਤਰਜ਼ 'ਤੇ ਡੀਜ਼ਲ ਦੇ ਰੇਟਾਂ 'ਚ ਕਟੌਤੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰੀ ਸੂਬਿਆਂ 'ਚ ਵਿਕਰੀ ਹੁੰਦੇ ਪੈਟਰੋਲੀਅਮ ਉਤਪਾਦਾਂ 'ਚ 80 ਫ਼ੀਸਦੀ ਵਿਕਰੀ ਡੀਜ਼ਲ ਦੀ ਹੈ ਜਿਸ ਕਰਕੇ ਸੂਬਾ ਸਰਕਾਰ ਨੇ ਡੀਜ਼ਲ 'ਤੇ 14 ਫ਼ੀਸਦੀ ਟੈਕਸ ਰੱਖਿਆ ਹੈ ਜਦੋਂ ਕਿ ਹਰਿਆਣਾ ਵਿੱਚ ਇਹੋ 17 ਫ਼ੀਸਦੀ ਟੈਕਸ ਵਸੂਲਿਆ ਜਾ ਰਿਹਾ ਹੈ। ਆਮਦਨੀ ਵਿੱਚ ਵਾਧੇ ਲਈ ਕਦਮ ਉਠਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਲਾਟਰੀਆਂ ਦੀ ਘੱਟ ਰਹੀ ਆਮਦਨ 'ਚ ਇਜ਼ਾਫਾ ਹੋ ਸਕਦਾ ਹੈ ਅਤੇ ਹੋਰ ਖ਼ਰਚਾ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ 'ਚ ਡੇਂਗੂ ਫੈਲਣ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਮੈਡੀਕਲ ਟੀਮਾਂ ਦੇ ਨਾਲ ਦਵਾਈਆਂ ਦੇ ਇੰਤਜ਼ਾਮ ਵੀ ਕੀਤੇ ਗਏ ਹਨ। ਸ਼ਹਿਰਾਂ 'ਚ ਫੌਗਿੰਗ ਦੀਆਂ ਹਦਾਇਤਾਂ ਦੇ ਨਾਲ ਲੋਕਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹ ਇਕ ਕਾਂਗਰਸੀ ਵਰਕਰ ਦੇ ਸਸਕਾਰ 'ਚ ਵੀ ਪਹੁੰਚੇ। ਉਨ੍ਹਾਂ ਨਾਲ ਕੇ ਕੇ ਅਗਰਵਾਲ, ਪਵਨ ਮਾਨੀ ਤੇ ਵਿਪਨ ਆਦਿ ਵੀ ਹਾਜ਼ਰ ਸਨ।


Related News