ਵਾਹਗਾ-ਅਟਾਰੀ ਵਪਾਰ ਦੀ ਬਹਾਲੀ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਾਂਗਾ : ਵਿੱਤ ਮੰਤਰੀ

12/03/2020 3:37:36 PM

ਚੰਡੀਗੜ੍ਹ : ਕੌਮਾਂਤਰੀ ਵਾਹਗਾ-ਅਟਾਰੀ ਵਪਾਰਕ ਰਸਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਹਿਜ਼ ਇਕ ਸੜਕ ਹੀ ਨਹੀਂ ਹੈ, ਸਗੋਂ ਦੋਵੇਂ ਗੁਆਂਢੀ ਮੁਲਕਾਂ ਦਰਮਿਆਲ ਸ਼ਾਂਤੀਪੂਰਨ ਸਬੰਧਾਂ ਅਤੇ ਖੁਸ਼ਹਾਲੀ ਲਈ ਬੇਹੱਦ ਮਹੱਤਵਪੂਰਨ ਹੈ। ਕੇਂਦਰੀ ਏਸ਼ੀਆ ਤੱਕ ਇਸ ਦੀ ਪਹੁੰਚ ਪੰਜਾਬੀਆਂ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਅਹਿਮ ਹੈ। ਇਹ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਆਪਣੀ ਸਰਕਾਰੀ ਰਿਹਾਇਸ਼ 'ਤੇ “ਯੂਨੀਲੈਟਰਲ ਡਿਸੀਜ਼ਨਜ਼ ਬਾਈਲੈਟਰਲ ਲੌਸਿਜ਼” ਪੁਸਤਕ ਰਿਲੀਜ਼ ਕਰਨ ਮੌਕੇ ਕੀਤਾ।

ਨਵੀਂ ਦਿੱਲੀ ਆਧਾਰਿਤ ਖੋਜ ਅਤੇ ਨੀਤੀ ਮਾਹਿਰ ਸੰਸਥਾ ਬਿਊਰੋ ਆਫ ਰਿਸਰਚ ਆਨ ਇੰਡਸਟਰੀ ਐਂਡ ਇਕਨਾਮਿਕ ਫੰਡਾਮੈਂਟਲਜ਼ (ਬੀ. ਆਰ. ਆਈ. ਈ. ਐਫ.) ਦੇ ਡਾਇਰੈਕਟਰ ਅਫ਼ਾਕ ਹੁਸੈਨ ਅਤੇ ਐਸੋਸੀਏਟ ਡਾਇਰੈਕਟਰ ਨਿਕਿਤਾ ਸਿੰਗਲਾ ਵੱਲੋਂ ਲਿਖੀ ਇਸ ਪੁਸਤਕ 'ਚ ਅੰਤਰਰਾਸ਼ਟਰੀ ਵਪਾਰ ਘਾਟੇ ਨੂੰ ਘਟਾਉਣ ਲਈ ਦਰਸਾਏ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧਾਂ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਕੋਲ ਵਾਹਗਾ-ਅਟਾਰੀ ਵਪਾਰ ਦੀ ਬਹਾਲੀ ਦੇ ਮਾਮਲੇ ਦੀ ਪੈਰਵੀ ਕਰਾਂਗਾ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਫਰਵਰੀ 2019 ਤੋਂ, ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ 'ਚ ਖਟਾਸ ਆਈ ਹੈ। 1996 ਤੋਂ ਪਾਕਿਸਤਾਨ ਨੂੰ ਵਪਾਰ ਲਈ ਸਭ ਤੋਂ ਪਸੰਦੀਦਾ ਦੇਸ਼ (ਮੋਸਟ ਫੇਵਰਡ ਨੇਸ਼ਨ) ਦੇ ਦਿੱਤੇ ਦਰਜੇ ਨੂੰ ਭਾਰਤ ਸਰਕਾਰ ਨੇ ਵਾਪਸ ਲੈਣ ਦਾ ਫ਼ੈਸਲਾ ਕੀਤਾ।    
 


Babita

Content Editor

Related News