ਜੀਕ ''ਤੇ ਹਮਲਾ ਕਰਨ ਵਾਲੇ ਜਸਬੀਰ ਤੇ ਗਗਨਦੀਪ ਗ੍ਰਿਫਤਾਰ
Friday, Sep 14, 2018 - 02:17 AM (IST)

ਜਲੰਧਰ— ਅਮਰੀਕੀ ਸੂਬੇ ਕੈਲੀਫੋਰਨੀਆ ਦੀ ਸਟਰ ਕੰਟਰੀ ਪੁਲਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ 26 ਅਗਸਤ ਨੂੰ ਯੂਬਾ ਸਿਟੀ ਦੇ ਗੁਰਦੁਆਰੇ ਨੇੜੇ ਕੀਤੀ ਗਈ ਕੁੱਟਮਾਰ ਦੇ ਮਾਮਲੇ ਸਬੰਧੀ ਜਸਬੀਰ ਸਿੰਘ ਲੁਬਾਣਾ ਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਲੁਬਾਣਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕੁੱਟਮਾਰ ਦੀ ਘਟਨਾ ਦੀ ਇਕ ਵੀਡੀਓ ਕਲਿਪ ਦੇ ਅਧਾਰ 'ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ, ਜਿਨ੍ਹਾਂ 'ਚ ਜਸਬੀਰ ਸਿੰਘ ਤੇ ਗਗਨਦੀਪ ਸਿੰਘ ਇਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੀਡੀਓ ਕਲਿਪ 'ਚ ਕੁੱਟਿਆ ਜਾਣ ਵਾਲਾ ਸ਼ਖ਼ਸ ਮਨਜੀਤ ਸਿੰਘ ਜੀਕੇ ਹੀ ਹੈ ਜਾਂ ਕੋਈ ਹੋਰ। ਪੁਲਸ ਨੇ ਦੋਵਾਂ ਨੂੰ ਮਾਮਲੇ ਦੀ ਜਾਂਚ ਲਈ ਤਲਬ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਦਸ ਕੁ ਘੰਟਿਆਂ ਬਾਅਦ ਹੀ ਸਿੱਖਜ਼ ਫਾਰ ਜਸਟਿਸ ਦੇ ਵਕੀਲਾਂ ਨੇ ਇਕ ਮੁਕਾਮੀ ਅਦਾਲਤ ਤੋਂ ਦੋਵਾਂ ਦੀ ਜ਼ਮਾਨਤ ਲੈ ਲਈ।
ਕੈਲੀਫੋਰਨੀਆ 'ਚ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਪਿਤਾ-ਪੁੱਤਰ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਅਮਰੀਕਾ 'ਚ ਸਿੱਖ ਰੈਡੀਕਲ ਕਾਰਕੁਨਾਂ ਦੀਆਂ ਸਰਗਰਮੀਆਂ ਵਧਣ ਤੇ ਖਾਲਿਸਤਾਨ ਦੇ ਮੁੱਦੇ ਪ੍ਰਤੀ ਕੂਟਨੀਤਕ ਚੈਨਲਾਂ ਰਾਹੀਂ ਅਮਰੀਕੀ ਅਧਿਕਾਰੀਆਂ ਕੋਲ ਮਾਮਲਾ ਚੁੱਕੇ ਜਾਣ ਤੋਂ ਬਾਅਦ ਇਹ ਗ੍ਰਿਫਤਾਰੀਆਂ ਹੋਈਆਂ ਸਨ। ਪਤਾ ਚੱਲਿਆ ਹੈ ਕਿ ਜਸਬੀਰ ਸਿੰਘ 'ਰੈਫਰੰਡਮ 2020' ਦੀ ਮੁਹਿੰਮ ਨਾਲ ਜੁੜਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਉਹ ਸਾਬਕਾ ਕਾਂਗਰਸ ਐਮ.ਪੀ. ਜਗਦੀਸ਼ ਟਾਈਟਲਰ ਖਿਲਾਫ ਚੱਲ ਰਹੇ ਦਿੱਲੀ ਕਤਲੇਆਮ ਦੇ ਇਕ ਕੇਸ ਦਾ ਅਹਿਮ ਗਵਾਹ ਵੀ ਰਿਹਾ ਹੈ। ਲੁਬਾਣਾ ਪਿਓ-ਪੁੱਤਰ ਕੈਲੀਫੋਰਨੀਆ ਦੇ ਵਸਨੀਕ ਹਨ ਤੇ ਪਤਾ ਚੱਲਿਆ ਹੈ ਕਿ ਉਨ੍ਹਾਂ ਖਿਲਾਫ ਕੈਲੀਫੋਰਨੀਆ ਪੀਨਲ ਕੋਡ ਦੀ ਧਾਰਾ 245 (ਏ) (4) ਤਹਿਤ ਦੋਸ਼ ਆਇਦ ਕੀਤੇ ਗਏ ਹਨ।
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮਨਜੀਤ ਸਿੰਘ ਜੀਕੇ 'ਤੇ ਲੰਘੀ 26 ਅਗਸਤ ਨੂੰ ਯੂਬਾ ਸਿਟੀ 'ਚ ਉਦੋਂ ਹਮਲਾ ਹੋਇਆ ਸੀ ਜਦੋਂ ਉਹ ਇਕ ਗੁਰਦੁਆਰੇ 'ਚ ਹੋਣ ਵਾਲੇ ਸਮਾਗਮ 'ਚ ਤਕਰੀਰ ਕਰਨ ਜਾ ਰਹੇ ਸਨ। ਇਸ ਤੋਂ ਪੰਜ ਕੁ ਦਿਨ ਪਹਿਲਾਂ ਨਿਊ ਯਾਰਕ 'ਚ ਵੀ ਉਨ੍ਹਾਂ ਨਾਲ ਹੱਥੋ-ਪਾਈ ਦੀ ਘਟਨਾ ਹੋਈ ਸੀ ਜਦੋਂ ਇਕ ਟੀ.ਵੀ. ਡਿਬੇਟ 'ਚ ਸ਼ਾਮਲ ਹੋਣ ਮਗਰੋਂ ਬਾਹਰ ਆ ਰਹੇ ਸਨ। ਜੀਕੇ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ 20-25 ਬੰਦੇ ਸਨ ਜਦਕਿ ਕੇਂਦਰੀ ਮੰਤਰੀ ਤੇ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਸੀ ਕਿ ਜੀਕੇ 'ਤੇ ਹਮਲਾ ਕਰਨ ਵਾਲਿਆਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਸਬੰਧ ਹਨ।