ਜੀ. ਕੇ. ਦੇ ਭਰਾ ਦਾ ਪਲਟਵਾਰ : ਸ਼ੰਟੀ ਨੂੰ ਫਾਇਦਾ ਕਰਵਾਉਣ ''ਚ ਕਾਲਕਾ ਦਾ ਕਿੰਨਾ ਹਿੱਸਾ?
Thursday, Jun 13, 2019 - 01:08 PM (IST)
ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. 'ਤੇ ਗੋਲਕ ਦੀ ਦੁਰਵਰਤੋਂ ਦੇ ਲਾਏ ਗਏ ਦੋਸ਼ ਕਮੇਟੀ ਦੀ ਬਦਹਵਾਸੀ ਹਨ। ਇਹ ਦਾਅਵਾ ਕਮੇਟੀ ਮੈਂਬਰ ਹਰਜੀਤ ਸਿੰਘ ਜੀ. ਕੇ. ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ ਹੈ। ਹਰਜੀਤ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਮੇਟੀ ਵਲੋਂ ਮਨਜੀਤ ਜੀ. ਕੇ. ਦੇ ਖਿਲਾਫ ਫਰਜ਼ੀ ਗ਼ਬਨ ਦੇ ਪੈਦਾ ਕੀਤੇ ਜਾ ਰਹੇ ਦੋਸ਼ ਅਦਾਲਤ 'ਚ ਨਹੀਂ ਟਿਕ ਪਾਉਣਗੇ। ਹਾਲਾਂਕਿ ਕਮੇਟੀ ਵੱਲੋਂ ਪੁਰਜ਼ੋਰ ਕੋਸ਼ਿਸ਼ ਹੋ ਰਹੀ ਹੈਂ ਕਿ ਕਿਸੇ ਤਰੀਕੇ ਨਾਲ ਮਨਜੀਤ ਜੀ. ਕੇ. ਦਾ ਸਿਆਸੀ ਕਤਲ ਹੋ ਜਾਵੇ ਪਰ ਅਸੀਂ ਇਕ-ਇਕ ਕਾਗਜ਼ ਦੀ ਸੀ. ਐੱਫ. ਐੱਸ. ਐੱਲ. ਜਾਂਚ ਕਰਵਾ ਕੇ ਕਮੇਟੀ ਨੂੰ ਦੱਸ ਦੇਵਾਂਗੇ ਕਿ ਫਰਜ਼ੀ ਪ੍ਰਮਾਣ ਕਿਵੇਂ ਤਿਆਰ ਹੁੰਦੇ ਹਨ? ਉਨ੍ਹ੍ਹਾਂ ਕਿਹਾ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਕਮੇਟੀ ਰੋਜ਼ ਨਵਾਂ ਜੁਮਲਾ ਛੱਡਦੀ ਹੈ ਪਰ ਦਿੱਲੀ ਦੀ ਸੰਗਤ ਇਨ੍ਹਾਂ ਦੀ ਝੂਠ ਬੋਲਣ ਦੀ ਆਦਤ ਤੋਂ ਤੰਗ ਹੋ ਚੁੱਕੀ ਹੈ। ਹਰਜੀਤ ਨੇ ਦਾਅਵਾ ਕੀਤਾ ਕਿ ਮਨਜੀਤ ਜੀ. ਕੇ. ਦੇ ਪਲਟਵਾਰ ਅਤੇ ਲੋਕਪ੍ਰਿਯਤਾ ਤੋਂ ਘਬਰਾ ਕੇ ਹੁਣ ਕਮੇਟੀ ਪ੍ਰਬੰਧਕ ਹਤਾਸ਼ ਹੋ ਕੇ ਫਰਜ਼ੀ ਦੋਸ਼ ਘੜਨ ਤੱਕ ਪਹੁੰਚ ਚੁੱਕੇ ਹਨ। ਕਾਲਕਾ ਦੇ ਪੀ. ਏ. ਦੇ ਨਾਮ ਐੱਸ. ਓ. ਆਈ. ਦੇ ਖਰਚ ਦੇ ਤੌਰ 'ਤੇ ਦਸਤੀ ਨਗਦੀ ਦੇ ਚੜ੍ਹੇ 13.5 ਲੱਖ ਰੁਪਏ ਦੀ ਰਕਮ ਨੂੰ ਮਨਜੀਤ ਜੀ. ਕੇ. ਦੇ ਮੱਥੇ ਮੜ੍ਹਨ ਦੀ ਨਾਕਾਮ ਕੋਸ਼ਿਸ਼ ਕਰਨ ਲਈ 2 ਕਾਗਜ਼ਾਂ ਨੂੰ 1 ਕਾਗਜ਼ 'ਤੇ ਫੋਟੋ ਕਾਪੀ ਕਰਕੇ ਫਰਜ਼ੀ ਘਪਲੇ ਨੂੰ ਜਨਮ ਦਿੱਤਾ ਜਾ ਰਿਹਾ ਹੈ। ਨਾਲ ਹੀ ਫਰਜ਼ੀ ਵਾਊਚਰ ਤਿਆਰ ਕਰਕੇ 80 ਲੱਖ ਰੁਪਏ ਮਨਜੀਤ ਜੀ. ਕੇ. ਦੇ ਪੀ. ਏ. ਦੇ ਨਾਮ 'ਤੇ ਉਧਾਰ ਵਿਖਾਉਣ ਲਈ ਕੈਸ਼ਬੁੱਕ 'ਚ ਹੇਰਾਫੇਰੀ ਕਰਨ ਦੀ ਕਾਰਵਾਈ ਨੂੰ ਵੀ ਅੰਜਾਮ ਦਿੱਤਾ ਗਿਆ ਹੈ।
ਹਰਜੀਤ ਨੇ ਪੁੱਛਿਆ ਕਿ ਇਸ ਕਥਿਤ ਈਮਾਨਦਾਰਾਂ ਦੇ ਸਮੂਹ ਨੇ 5 ਕਰੋੜ ਦੀ ਚੋਰੀ ਦੇ ਮਾਮਲੇ 'ਚ ਗੁਰਮੀਤ ਸਿੰਘ ਸ਼ੰਟੀ ਨੂੰ ਕਲੀਨ ਚਿੱਟ ਕਿਉਂ ਦਿੱਤੀ ਸੀ? ਪਹਿਲਾਂ ਕਾਲਕਾ ਨੇ ਸ਼ੰਟੀ ਦੇ ਖਿਲਾਫ ਜਾਂਚ ਕਮੇਟੀ ਬਣਾਈ, ਮੈਨੂੰ ਕੇਸ ਪਾਉਣ ਲਈ ਅਖਤਿਆਰ ਦਿੱਤਾ ਅਤੇ ਫਿਰ ਆਰ. ਟੀ. ਆਈ. 'ਚ ਝੂਠਾ ਜਵਾਬ ਦਿੱਤਾ। ਸੰਗਤ ਦਾ 5 ਕਰੋੜ ਸ਼ੰਟੀ ਦੀ ਜੇਬ 'ਚ ਪਾਉਣ 'ਚ ਕਾਲਕਾ ਨੂੰ ਕਿੰਨਾ ਹਿੱਸਾ ਮਿਲਿਆ, ਇਸ ਦੇ ਬਾਰੇ ਕਾਲਕਾ ਕਦੋਂ ਬੋਲਣਗੇ? ਉਨ੍ਹਾਂ ਕਿਹਾ ਕਿ ਜੇਲ ਜਾਣ ਦੀ ਤਿਆਰੀ ਕੌਣ ਕਰੇਗਾ, ਇਹ ਤਾਂ ਗੁਰੂ ਮਹਾਰਾਜ ਦੇ ਹੱਥ ਵਿਚ ਹੈ ਪਰ ਖਦਸ਼ਾ ਇਹ ਬਣ ਰਿਹਾ ਹੈ ਕਿ ਇਹ ਲੋਕ ਆਪ ਹੀ ਜੇਲ ਚਲੇ ਜਾਣਗੇ। ਇਨ੍ਹਾਂ ਦੇ ਗੁਨਾਹ ਇਨ੍ਹਾਂ ਨੂੰ ਹੀ ਜੇਲ ਨਾ ਭਿਜਵਾ ਦੇਣ, ਇਹ ਖਦਸ਼ਾ ਬਣ ਰਿਹਾ ਹੈ।