ਦਿੱਲੀ ''ਚ ਭਾਜਪਾ ਨੇ ਨਾਤਾ ਤੋੜ ਕੇ ਬਾਦਲ ਪਰਿਵਾਰ ਨੂੰ ਉਸ ਦੀ ਅਸਲੀ ਥਾਂ ਦਿਖਾਈ : ਭੋਮਾ

01/22/2020 2:23:56 PM

ਚੰਡੀਗੜ੍ਹ (ਭੁੱਲਰ) : ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਦੇ ਨਾਲ ਹੋਰ ਆਗੂਆਂ ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠੀਆ ਨੇ ਇਕ ਸਾਂਝੇ ਬਿਆਨ 'ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਨਾਤਾ ਤੋੜਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਨੇ ਅਜਿਹਾ ਕਰ ਕੇ ਬਾਦਲ ਪਰਿਵਾਰ ਨੂੰ ਉਸ ਦੀ ਅਸਲ ਥਾਂ ਦਿਖਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਦਲ ਸਰਕਾਰ ਦੌਰਾਨ ਹੋਈ ਬਰਗਾੜੀ ਵਿਖੇ ਲਲਕਾਰ ਕੇ ਕੀਤੀ ਬੇਅਦਬੀ ਤੇ ਬਹਿਬਲ ਕਲਾਂ ਵਿਖੇ ਪੁਲਸ ਵਲੋਂ ਚਲਾਈ ਗੋਲੀ ਨਾਲ ਸ਼ਹੀਦ ਕੀਤੇ 2 ਸਿੰਘਾਂ ਦੀ ਸਜ਼ਾ ਪਰਮਾਤਮਾ ਨੇ ਬਾਦਲਾਂ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮਨਜੀਤ ਸਿੰਘ ਜੀ. ਕੇ. ਅਤੇ ਸਰਨਾ ਭਰਾਵਾਂ ਨੇ ਏਕੇ ਦਾ ਸਬੂਤ ਦਿੰਦਿਆਂ ਹੋਏ ਦਿੱਲੀ 'ਚੋਂ ਬਾਦਲਾਂ ਦਾ ਪੱਤਾ ਸਾਫ਼ ਕਰ ਕੇ ਇਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉੁਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦਾ ਇਹ ਦਾਅਵਾ ਕਿ ਅਸੀਂ ਸੀ. ਏ. ਏ. ਦੇ ਵਿਰੋਧ ਕਾਰਨ ਭਾਜਪਾ ਨਾਲੋਂ ਨਾਤਾ ਤੋੜਿਆ ਹੈ, ਹਾਸੋਹੀਣਾ ਹੈ ਕਿਉਂਕਿ ਲੋਕ ਸਭਾ ਅੰਦਰ ਤੁਸੀਂ ਸੀ. ਏ. ਏ. ਬਿਲ ਦੇ ਹੱਕ 'ਚ ਵੋਟਾਂ ਪਾਈਆਂ ਸਨ ਤੇ ਬਾਹਰ ਮਗਰਮੱਛ ਦੇ ਹੰਝੂ ਵਹਾ ਰਹੇ ਹੋ। ਉਨ੍ਹਾਂ ਕਿਹਾ ਕਿਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਬਾਦਲਾਂ ਦੇ ਆਪਣੇ ਚੱਲ ਰਹੇ ਚੈਨਲ 'ਤੇ ਇਹ ਸਪੱਸ਼ਟ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਨਾਤਾ ਟੁੱਟ ਚੁੱਕਾ ਹੈ ਕਿਉਂਕਿ ਭਾਜਪਾ ਸਾਨੂੰ ਆਪਣੇ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਲਈ ਦਬਾਅ ਪਾ ਰਹੇ ਹਨ ਪਰ ਅਸੀਂ ਆਪਣੇ ਤੱਕੜੀ ਦੇ ਚੋਣ ਨਿਸ਼ਾਨ 'ਤੇ ਚੋਣਾਂ ਲੜਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਮਗਰੋਂ ਇਸ ਤਰ੍ਹਾਂ ਦੇ ਬਿਆਨ ਦੇਣਾ ਲੋਕਾਂ ਨੂੰ ਮੂਰਖ ਬਣਾਉੁਣ ਵਾਲੀ ਗੱਲ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਪਤਨ ਤੇ ਦੋਗਲੇਪਣ ਦੀ ਨਿਸ਼ਾਨੀ ਹੈ।


Anuradha

Content Editor

Related News