ਦਿੱਲੀ ਤੇ ਹੋਰ ਰਾਜਾਂ ''ਚ ਵਿਦਿਆਰਥੀਆਂ ''ਤੇ ਪੁਲਸ ਕਾਰਵਾਈ ਅਤੀਨਿੰਦਣਯੋਗ : ਭੋਮਾ

Wednesday, Dec 18, 2019 - 01:52 PM (IST)

ਦਿੱਲੀ ਤੇ ਹੋਰ ਰਾਜਾਂ ''ਚ ਵਿਦਿਆਰਥੀਆਂ ''ਤੇ ਪੁਲਸ ਕਾਰਵਾਈ ਅਤੀਨਿੰਦਣਯੋਗ : ਭੋਮਾ

ਚੰਡੀਗੜ੍ਹ (ਭੁੱਲਰ) : ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਵੀ ਅੰਬਾਨੀ, ਅਡਾਨੀ ਦੇ ਹੱਥਾਂ 'ਚ ਵੇਚਣ ਦੇ ਰਾਹ ਤੁਰ ਪਈ ਹੈ, ਉਵੇਂ ਹੀ ਜਿਵੇਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਜਨਤਕ ਪਬਲਿਕ ਸੈਕਟਰ ਕੰਪਨੀਆਂ ਨੂੰ ਇਕ ਯੋਜਨਾਬੱਧ ਤਰੀਕੇ ਨਾਲ ਨੇਸਤੋਨਾਬੂਤ ਕਰ ਕੇ ਅਡਾਨੀ, ਅੰਬਾਨੀ ਦੇ ਹੱਥਾਂ 'ਚ ਵੇਚ ਦਿੱਤਾ ਗਿਆ ਹੈ। ਹੁਣ ਆਰ. ਐੱਸ. ਐੱਸ.-ਭਾਜਪਾ ਦੀਆਂ ਅਜਿਹੀਆਂ ਨੀਤੀਆਂ ਨੂੰ ਭਾਰਤ ਦੇਸ਼ ਦੇ ਨੌਜਵਾਨਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ ਅਤੇ ਉਨ੍ਹਾਂ ਦੇਸ਼ ਨੂੰ ਆਰਥਿਕ ਅਤੇ ਵਿੱਦਿਅਕ ਗੁਲਾਮੀ ਤੋਂ ਬਚਾਉਣ ਲਈ ਸੰਘਰਸ਼ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਕੇਂਦਰ ਦੀ ਸਰਕਾਰ ਬੌਖਲਾ ਗਈ ਹੈ। ਇਸੇ ਲਈ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ 'ਤੇ ਦੇਸ਼ ਧਰੋਹ ਦਾ ਟੈਗ ਲਾ ਕੇ ਉਨ੍ਹਾਂ ਨੂੰ ਪੁਲਸ ਤਾਕਤ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਦੇ ਨਾਲ ਮੁੱਖ ਸਲਾਹਕਾਰ ਸਰਬਜੀਤ ਜੰਮੂ ਤੇ ਬਲਵਿੰਦਰ ਸਿੰਘ ਖੋਜਕੀਪੁਰ ਨੇ ਕਹੀ। ਉਨ੍ਹਾਂ ਦਿੱਲੀ ਤੇ ਹੋਰਨਾਂ ਰਾਜਾਂ 'ਚ ਵਿਦਿਆਰਥੀਆਂ 'ਤੇ ਪੁਲਸ ਬਲ ਦੇ ਪ੍ਰਯੋਗ ਨੂੰ ਅਤੀਨਿੰਦਣਯੋਗ ਕਾਰਵਾਈ ਦੱਸਦਿਆਂ ਵਿਦਿਆਰਥੀਆਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਫੈੱਡਰੇਸ਼ਨ ਆਰ. ਐੱਸ. ਐੱਸ. ਤੇ ਭਾਜਪਾ ਦੀ ਕੇਂਦਰ ਸਰਕਾਰ ਦੀ ਅਜਿਹੀ ਦੇਸ਼ ਮਾਰੂ ਨੀਤੀ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ 'ਤੇ ਕੀਤਾ ਜਾ ਰਿਹਾ ਜਬਰ ਬਰਦਾਸ਼ਤਯੋਗ ਨਹੀਂ ਕਿਉਂਕਿ ਭਾਜਪਾ ਸਰਕਾਰ ਦੇਸ਼ 'ਚੋਂ ਲੋਕਤੰਤਰੀ ਪ੍ਰਣਾਲੀ ਖਤਮ ਕਰ ਕੇ ਗੁਲਾਮੀ ਵਾਲੀ ਪ੍ਰਥਾ ਸਥਾਪਿਤ ਕਰਨਾ ਚਾਹੁੰਦੀ ਹੈ।


author

Anuradha

Content Editor

Related News