ਸਿੱਖਾਂ ਤੇ ਪੰਜਾਬੀਆਂ ਦੀ ਦੁਰਗਤੀ ਦਾ ਕਾਰਨ ਹਨ ਸ਼੍ਰੋਮਣੀ ਅਕਾਲੀ ਦਲ : ਭੋਮਾ

11/20/2019 2:10:07 PM

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਅਤੇ ਲੋਕ ਮਨਾਂ 'ਚ ਸਥਾਪਤ ਕਰਨ ਲਈ ਲੱਖਾਂ ਹੀ ਕੁਰਬਾਨੀਆਂ ਅਤੇ ਹਜ਼ਾਰਾਂ ਸ਼ਹੀਦੀਆਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦੇਣੀਆਂ ਪਈਆਂ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸਥਾਪਨਾ ਲਈ ਹਜ਼ਾਰਾਂ ਅਣਖੀ ਸਿੱਖਾਂ ਨੇ ਜੇਲਾਂ ਕੱਟੀਆਂ ਅਤੇ ਸ਼ਹੀਦੀਆਂ ਦੇ ਜਾਮ ਪੀਤੇ ਪਰ ਅਫਸੋਸ ਦੋਵੇਂ ਸੰਸਥਾਵਾਂ 'ਤੇ ਕਾਬਜ਼ ਬਾਦਲ ਪਰਿਵਾਰ ਸਿੱਖਾਂ ਅਤੇ ਪੰਜਾਬੀਆਂ ਦੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦੁਰਗਤੀ ਦੇ ਕਾਰਨ ਬਣ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਦੇ ਨਾਲ ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠੀਆ ਨੇ ਇਕ ਸਾਂਝੇ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਦੇ ਬੇਅਦਬੀ ਕਾਂਡ, ਚਿੱਟਾ ਕਾਂਡ, ਭ੍ਰਿਸ਼ਟਾਚਾਰ, ਆਰ. ਐੱਸ. ਐੱਸ. ਤੇ ਭਾਜਪਾ ਦੀ ਕਾਰਬਨ ਕਾਪੀ ਬਣਨ ਕਰ ਕੇ ਅਤੇ ਅਣਖ ਹੀਣਤਾ ਕਾਰਣ ਆਪਣਾ ਸਿਆਸੀ ਚਿਹਰਾ ਅਤੇ ਲੋਕ ਆਧਾਰ, ਪੰਜਾਬ ਦੇ ਲੋਕ ਮਨਾਂ 'ਚੋਂ ਗੁਆ ਬੈਠਾ ਹੈ, ਜਿਸ ਕਾਰਣ ਬਾਦਲ ਵਿਧਾਨ ਸਭਾ 'ਚ ਵਿਰੋਧੀ ਧਿਰ ਵਾਲਾ ਰੁਤਬਾ ਵੀ ਗੁਆ ਬੈਠਾ ਹੈ।

ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਬਾਦਲ ਪਰਿਵਾਰ ਹੇਠਾਂ ਤੋਂ ਉਪਰ ਤੱਕ ਭ੍ਰਿਸ਼ਟਾਚਾਰ ਗੋਲਕ ਦੀ ਲੁੱਟ ਅਤੇ ਅਣਖਹੀਣਤਾ ਦੀ ਸਿਊਂਕ ਲਾ ਕੇ ਸਿੱਖੀ ਸਿਧਾਂਤ ਅਤੇ ਸਿੱਖ ਸੰਸਥਾਵਾਂ ਨੂੰ ਅਰਥਹੀਣ ਕਰਨ ਦਾ ਘੋਰ ਅਪਰਾਧ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਆਪਣੇ ਸਿਆਸੀ ਹਿੱਤਾਂ ਕਾਰਨ ਰਾਮ ਰਹੀਮ ਨਾਲ ਯਾਰੀ ਨਿਭਾਉਣ ਲਈ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਸਾਰੇ ਕਾਰਜ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਹੱਥਾਂ ਚ ਲੈ ਕੇ ਝੂਠੀਆਂ ਕਸਮਾਂ ਖਾ ਕੇ ਹੋਰ ਵੀ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਦੀ ਮੌਜੂਦਾ ਲੀਡਰਸ਼ਿਪ ਨੂੰ ਲਾਂਭੇ ਕਰ ਕੇ ਨਵੀਂ ਅਗਵਾਈ ਸਥਾਪਿਤ ਕੀਤੀ ਜਾਵੇ। ਉਨ੍ਹਾਂ ਜਾਗਦੀ ਜ਼ਮੀਰ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਪਾਰਟੀਆਂ ਨੂੰ ਇਸ ਕੰਮ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।

 


Anuradha

Content Editor

Related News