ਪੰਜਾਬ 'ਚ ਬਾਦਲਾਂ ਦਾ ਹਸ਼ਰ ਵੀ ਚੌਟਾਲਾ ਪਰਿਵਾਰ ਵਰਗਾ ਹੋਵੇਗਾ : ਭੋਮਾ

Saturday, Sep 28, 2019 - 05:15 PM (IST)

ਪੰਜਾਬ 'ਚ ਬਾਦਲਾਂ ਦਾ ਹਸ਼ਰ ਵੀ ਚੌਟਾਲਾ ਪਰਿਵਾਰ ਵਰਗਾ ਹੋਵੇਗਾ : ਭੋਮਾ

ਫ਼ਤਿਹਗੜ੍ਹ ਸਾਹਿਬ (ਜਗਦੇਵ) : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦੀ ਬਿਨਾਂ ਸ਼ਰਤ ਮੁਆਫੀ ਕਾਰਨ ਕਰਵਾਈ ਤੌਹੀਨ, ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ, ਨਸ਼ਿਆਂ ਨਾਲ ਸਿੱਖ ਕੌਮ ਦੀ ਇਕ ਪੀੜ੍ਹੀ ਦਾ ਖ਼ਾਤਮਾ ਕਰਨਾ ਆਦਿ ਘੋਰ ਅਪਰਾਧਾਂ ਕਾਰਨ ਪੰਜਾਬ ਦੀ ਰਾਜਨੀਤੀ 'ਚ ਬਾਦਲ ਪਰਿਵਾਰ ਦਾ ਹਸ਼ਰ ਵੀ ਹਰਿਆਣਾ ਦੇ ਚੌਟਾਲਾ ਪਰਿਵਾਰ ਵਰਗਾ ਹੋਣ ਜਾ ਰਿਹਾ ਹੈ।

ਦੱਸ ਦਈਏ ਕਿ ਇਨ੍ਹਾਂ ਮੁੱਦਿਆਂ 'ਚ ਕੁਰਬਾਨੀਆਂ ਵਾਲੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ 'ਚ ਤਬਦੀਲ ਕਰਨਾ ਤੇ ਫਿਰ ਪੰਜਾਬੀ ਪਾਰਟੀ ਨੂੰ ਵੀ ਬਾਦਲ ਪਰਿਵਾਰ ਦੇ ਸ਼ੋਅਰੂਮ 'ਚ ਤਬਦੀਲ ਕਰ ਲੈਣਾ, ਸਿੱਖ ਕੌਮ ਤੇ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਬਾਦਲ ਪਰਿਵਾਰ ਦੇ ਹਿੱਤਾਂ ਨੂੰ ਅੱਗੇ ਰੱਖਣਾ, ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਜ਼ਲੀਲ ਤੇ ਓਵਰਟੇਕ ਕਰ ਕੇ ਬਾਦਲ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਹੀ ਸੱਤਾ ਦੀ ਟੀਸੀ 'ਤੇ ਬਿਠਾਉਣਾ ਸ਼ਾਮਲ ਹਨ। ਇਹ ਗੱਲ ਇਥੇ ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਤੇ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਸਾਂਝੇ ਪ੍ਰੈੱਸ ਬਿਆਨ 'ਚ ਕਹੀ। ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋਸਤਾਨਾ ਮੈਚ ਖੇਡਦੇ ਹੋਏ ਬਾਦਲ ਪਰਿਵਾਰ ਹੁਣ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਂਡ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ 'ਚ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਹੈ।

ਕੈਪਟਨ ਦੀ ਕਚਹਿਰੀ 'ਚ ਬਾਦਲ ਪਰਿਵਾਰ ਮੁਆਫ ਹੋ ਚੁੱਕਾ ਹੈ ਪਰ ਪੰਥਕ ਅਤੇ ਪਿੰਡਾਂ ਦੀਆਂ ਲੋਕ-ਸੱਥਾਂ, ਸ਼ਹਿਰੀ ਦੁਕਾਨਾਂ ਤੇ ਗਲੀਆਂ ਅਤੇ ਲੋਕ-ਕਚਹਿਰੀ 'ਚ ਇਸ ਨੂੰ ਦੋਸ਼ੀ ਮੰਨਿਆ ਜਾ ਚੁੱਕਾ ਹੈ, ਜਿਸ ਕਾਰਨ ਬਾਦਲ ਪਰਿਵਾਰ ਸਿੱਖਾਂ ਅਤੇ ਪੰਜਾਬੀ ਲੋਕਾਂ ਦੇ ਮਨੋਂ ਲਹਿ ਚੁੱਕਾ ਹੈ। ਬਾਦਲ ਪਰਿਵਾਰ ਦੇ ਚਿਹਰੇ ਹੁਣ ਵੋਟ ਖਿੱਚਣ ਦੀ ਚਮਕ-ਦਮਕ ਗੁਆ ਚੁੱਕੇ ਹਨ। ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਹੁਣ ਜਦੋਂ ਬਾਦਲ ਪਰਿਵਾਰ ਪੰਜਾਬ 'ਚ ਹਥਿਆਰਾਂ ਦੀ ਫੜੋ-ਫੜੀ ਤੇ ਅੱਤਵਾਦ ਫੈਲਣ ਦਾ ਰੌਲਾ ਪਾ ਰਿਹਾ ਹੈ ਤਾਂ ਇਹ ਇਨ੍ਹਾਂ ਦੀ ਪੰਜਾਬ ਅੰਦਰ ਮੁੜ ਅੱਗ ਲਾਉਣ ਦੀ ਕਿਤੇ ਆਪਣੀ ਸਿਆਸੀ ਡੂੰਘੀ ਚਾਲ ਹੀ ਨਾ ਹੋਵੇ।


author

Anuradha

Content Editor

Related News