ਮਨਜਿੰਦਰ ਸਿਰਸਾ ਦੀ ਐਂਟਰੀ ਨਾਲ ਭਾਜਪਾ ਦੇ ਮਿਸ਼ਨ ਪੰਜਾਬ ਦਾ ‘ਸ਼੍ਰੀਗਣੇਸ਼’, ਲੱਗ ਸਕਦੀ ਹੈ ਵੱਡੀ ‘ਸੰਨ੍ਹ’

Friday, Dec 03, 2021 - 02:26 PM (IST)

ਮਨਜਿੰਦਰ ਸਿਰਸਾ ਦੀ ਐਂਟਰੀ ਨਾਲ ਭਾਜਪਾ ਦੇ ਮਿਸ਼ਨ ਪੰਜਾਬ ਦਾ ‘ਸ਼੍ਰੀਗਣੇਸ਼’, ਲੱਗ ਸਕਦੀ ਹੈ ਵੱਡੀ ‘ਸੰਨ੍ਹ’

ਜਲੰਧਰ (ਸੁਨੀਲ ਪਾਂਡੇ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵੱਡੇ ਨੇਤਾ ਤੇ ਰਾਸ਼ਟਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਭਾਰਤੀ ਜਨਤਾ ਪਾਰਟੀ ’ਚ ਜਾਣ ਦੇ ਨਾਲ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਈ ਵੱਡੇ ਸਿੱਖ ਨੇਤਾ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਨੇਤਾ, ਅੱਧੀ ਦਰਜਨ ਤੋਂ ਵੱਧ ਵਿਧਾਇਕ ਵੀ ਭਗਵਾ ਪਾਰਟੀ ’ਚ ਜਾਣ ਦੇ ਚਾਹਵਾਨ ਦੱਸੇ ਜਾ ਰਹੇ ਹਨ। ਸਿਆਸੀ ਹਲਕਿਆਂ ’ਚ ਚੱਲ ਰਹੀਆਂ ਖ਼ਬਰਾਂ ’ਤੇ ਯਕੀਨ ਕਰੀਏ ਤਾਂ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਵੀ ਚੱਲ ਰਿਹਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਇੱਕੋ-ਇੱਕ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਭਾਜਪਾ ਕਰ ਰਹੀ ਹੈ।

ਭਾਰਤੀ ਜਨਤਾ ਪਾਰਟੀ ਨੇ ਮਨਜਿੰਦਰ ਸਿਰਸਾ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਕੇ ਇਕ ਤਰ੍ਹਾਂ ਮਿਸ਼ਨ ਪੰਜਾਬ ਦਾ ਸ਼੍ਰੀਗਣੇਸ਼ ਕਰ ਦਿੱਤਾ ਹੈ। ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਦਿਖਾਉਣ ਦੀ ਹੈ, ਤਾਂ ਕਿ ਪੰਜਾਬ ਦੇ ਲੋਕ ਇਸ ਨੂੰ ਕਾਂਗਰਸ ਦੇ ਸਾਹਮਣੇ ਚੁਣੌਤੀ ਦੇ ਰੂਪ ’ਚ ਗੰਭੀਰਤਾ ਨਾਲ ਲੈਣ।

ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ

ਇਸ ਗੱਲ ਦਾ ਅੰਦਾਜ਼ਾ ਸੁਖਬੀਰ ਸਿੰਘ ਬਾਦਲ ਨੂੰ ਵੀ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸਿਰਸਾ ਦੇ ਜਾਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਸਾ ਜੇਲ੍ਹ ਜਾਣ ਦਾ ਦਬਾਅ ਨਹੀਂ ਝੱਲ ਸਕੇ ਅਤੇ ਭਾਜਪਾ ’ਚ ਸ਼ਾਮਲ ਹੋ ਗਏ। ਸੁਖਬੀਰ ਇਕ ਤਰ੍ਹਾਂ ਪਾਰਟੀ ਕੇਡਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਿਰਸਾ ਆਪਣੇ ਖ਼ਿਲਾਫ਼ ਚੱਲ ਰਹੇ ਕੇਸਾਂ ਦੇ ਕਾਰਨ ਪ੍ਰੇਸ਼ਾਨ ਹੋ ਕੇ ਪਾਰਟੀ ਛੱਡ ਗਏ ਹਨ ਪਰ ਅਕਾਲੀ ਦਲ ਜੁਝਾਰੂ ਨੇਤਾਵਾਂ ਦੀ ਪਾਰਟੀ ਹੈ ਅਤੇ ਅਸੀਂ ਭਾਜਪਾ ਦੇ ਇਸ ਦਬਾਅ ਨੂੰ ਝੱਲਣਾ ਹੈ।

ਓਧਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਸਿਰਸਾ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ ਅਤੇ ਜਾਪ ਰਿਹਾ ਸੀ ਕਿ ਉਹ ਆਪਣੇ ਵਿਰੁੱਧ ਚੱਲ ਰਹੇ ਕੇਸਾਂ ਨੂੰ ਲੈ ਕੇ ਪ੍ਰੇਸ਼ਾਨ ਸਨ ਅਤੇ ਇਸ ਲਈ ਜੇਲ੍ਹ ਅਤੇ ਭਾਜਪਾ ’ਚੋਂ ਉਨ੍ਹਾਂ ਨੇ ਭਾਜਪਾ ਨੂੰ ਚੁਣ ਲਿਆ...।

ਐੱਸ. ਜੀ. ਪੀ. ਸੀ. ਦਿੱਲੀ ਕਮੇਟੀ ਲਈ ਬਦਲੇਗੀ ਨਵਾਂ ਚਿਹਰਾ
ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਨਾਲ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਕੋਟੇ ਦੀ ਇਕ ਸੀਟ ਤੋਂ ਅਕਾਲੀ ਦਲ ਵੱਲੋਂ ਕਿਸੇ ਹੋਰ ਨੇਤਾ ਨੂੰ ਮੌਕਾ ਦਿੱਤੇ ਜਾਣ ਦੀ ਆਸ ਹੈ। ਮੌਜੂਦਾ ਸਮੇਂ ’ਚ ਚੱਲ ਰਹੇ ਨਾਵਾਂ ’ਚ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਡਾ. ਜਸਪਾਲ ਸਿੰਘ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਤੋਂ ਪਹਿਲਾਂ ਹੀ ਨਾਂਹ ਕਰ ਚੁੱਕੇ ਹਨ। ਇਸ ਸੂਰਤ ’ਚ ਕਿਸੇ ਹੋਰ ਚਿਹਰੇ ਦਾ ਵੀ ਦਾਅ ਲੱਗ ਸਕਦਾ ਹੈ। ਇਸ ਦੇ ਲਈ ਕਮੇਟੀ ਗਲਿਆਰਿਆਂ ’ਚ ਇਕ ਨਾਂ ਜਸਵਿੰਦਰ ਸਿੰਘ ਜੌਲੀ ਦਾ ਵੀ ਚਰਚਾ ’ਚ ਹੈ, ਜੋ ਘੱਟ ਗਿਣਤੀ ਮਾਮਲਿਆਂ ਦੇ ਚੇਅਰਮੈਨ ਹਨ ਅਤੇ ਪਾਰਟੀ ਅਤੇ ਕਮੇਟੀ ਨੂੰ ਕਈ ਵਾਰ ਮੁਸੀਬਤਾਂ ਤੋਂ ਬਚਾਉਣ ’ਚ ਕਾਮਯਾਬ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਕਿਸ ਨੂੰ ਮੌਕਾ ਦਿੰਦੇ ਹਨ।

ਇਹ ਵੀ ਪੜ੍ਹੋਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਪ੍ਰੇਸ਼ਾਨ ਕਰ ਦੇਣਗੇ ਏਡਜ਼ ਦੇ ਮਰੀਜ਼ਾਂ ਦੇ ਅੰਕੜੇ

ਗੁਰਦੁਆਰਾ ਕਮੇਟੀ ਲਈ ਪ੍ਰਧਾਨ ਚੁਣਨਾ ਹੋਵੇਗੀ ਚੁਣੌਤੀ
ਮਨਜਿੰਦਰ ਸਿੰਘ ਸਿਰਸਾ ਨੇ ਬੇਸ਼ੱਕ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਨਵੀਂ ਕਮੇਟੀ ਦੇ ਗਠਨ ’ਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਕੋਲ ਮੌਜੂਦਾ ਸਮੇਂ ’ਚ 29 ਮੈਂਬਰ ਹਨ, ਮੰਨਿਆ ਜਾਂਦਾ ਹੈ ਕਿ ਇਨ੍ਹਾਂ ’ਚੋਂ ਅੱਧੇ ਤੋਂ ਵੱਧ ਸਿਰਸਾ ਦੇ ਨਾਲ ਹਨ। ਅਜਿਹੇ ’ਚ ਅਕਾਲੀ ਦਲ ਵੱਲੋਂ ਨਵੀਂ ਕਮੇਟੀ ਦਾ ਨਵਾਂ ਪ੍ਰਧਾਨ ਚੁਣਨਾ ਚੁਣੌਤੀ ਭਰਿਆ ਹੋਵੇਗਾ। ਮਨਜਿੰਦਰ ਸਿੰਘ ਸਿਰਸਾ ਬੇਸ਼ੱਕ ਹੀ ਭਾਜਪਾ ’ਚ ਚਲੇ ਗਏ ਹੋਣ ਪਰ ਰਿਮੋਟ ਕੰਟਰੋਲ ਨਾਲ ਉਹ ਦਿੱਲੀ ਕਮੇਟੀ ਨੂੰ ਆਪਣੇ ਹੱਥ ’ਚ ਰੱਖਣਾ ਚਾਹੁਣਗੇ। ਨਾਲ ਹੀ ਕੋਸ਼ਿਸ਼ ਕਰਨਗੇ ਕਿ ਕਿਸੇ ਤਰ੍ਹਾਂ ਉਨ੍ਹਾਂ ਦਾ ਕੋਈ ਸਮਰਥਕ ਕਮੇਟੀ ’ਚ ਦਬਦਬਾ ਬਣਾ ਕੇ ਰੱਖੇ।

ਇਸ ਗੱਲ ਦਾ ਅਹਿਸਾਸ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਿਰਸਾ ਦੇ ਜਾਣ ’ਤੇ ਕੋਈ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ। ਬੜੀ ਹੀ ਸੂਝਬੂਝ ਨਾਲ ਸਿਰਸਾ ਦਾ ਬਚਾਅ ਕੀਤਾ ਅਤੇ ਵਿਰੋਧ ’ਚ ਇਕ ਸ਼ਬਦ ਵੀ ਨਹੀਂ ਬੋਲਿਆ। ਨਾ ਹੀ ਭਾਜਪਾ ਨੇਤਾਵਾਂ ’ਤੇ ਹੀ ਕੋਈ ਟਿੱਪਣੀ ਕੀਤੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਿਰਸਾ ਦੀ ਸਰਪ੍ਰਸਤੀ ਆਉਣ ਵਾਲੀ ਨਵੀਂ ਕਮੇਟੀ ’ਤੇ ਰਹੇਗੀ, ਬਸ਼ਰਤੇ ਮੈਂਬਰ ਟੁੱਟ ਕੇ ਵਿਰੋਧੀ ਪਾਰਟੀਆਂ ਦਾ ਹਿੱਸਾ ਨਾ ਬਣ ਜਾਣ।

ਪੰਜਾਬ ਚੋਣਾਂ ’ਚ ਸਿਰਸਾ ਦੀ ਹੋ ਸਕਦੀ ਹੈ ਵਰਤੋਂ
ਦਿੱਲੀ ’ਚ ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਚਿਹਰੇ ਦੇ ਰੂਪ ’ਚ ਮਨਜਿੰਦਰ ਸਿੰਘ ਸਿਰਸਾ ਦਾ ਮਿਲਣਾ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ। ਓਧਰ ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਿਰਸਾ ਨੂੰ ਪੰਜਾਬ ਭੇਜ ਕੇ ਵਿਧਾਨ ਸਭਾ ਚੋਣਾਂ ’ਚ ਨਵਾਂ ਦਾਅ ਖੇਡ ਸਕਦੀ ਹੈ। ਸਿਰਸਾ ਪਹਿਲਾਂ ਤੋਂ ਹੀ ਪੰਜਾਬ ਦੀਆਂ ਚੋਣਾਂ ’ਚ ਹਿੱਸਾ ਲੈਂਦੇ ਰਹੇ ਹਨ ਅਤੇ ਅਕਾਲੀ ਧੜਿਆਂ ’ਚ ਉਨ੍ਹਾਂ ਦੀ ਚੰਗੀ ਪਕੜ ਵੀ ਰਹੀ ਹੈ। ਸਿਰਸਾ ਪੰਥਕ ਸਿਆਸਤ ’ਚ ਚੰਗੀ ਪਕੜ ਰੱਖਦੇ ਹਨ ਅਤੇ ਦੇਸ਼-ਦੁਨੀਆ ’ਚ ਪੰਥਕ ਮੁੱਦਿਆਂ ਨੂੰ ਲੈ ਕੇ ਲੜਦੇ ਰਹੇ ਹਨ, ਉਹ ਜੱਟ ਸਿੱਖ ਵੀ ਹਨ, ਜਿਨ੍ਹਾਂ ਦੀ ਭਾਜਪਾ ਨੂੰ ਲੋੜ ਵੀ ਮਹਿਸੂਸ ਹੋ ਰਹੀ ਸੀ।

ਇਹ ਵੀ ਪੜ੍ਹੋਕਾਂਗਰਸ ਅੱਗੇ ਵੱਡੀ ਚੁਣੌਤੀ, ਕੀ ਚੰਨੀ-ਸਿੱਧੂ-ਜਾਖੜ ਦੀ ਤਿੱਕੜੀ ਨੂੰ ਇਕ ਮਾਲਾ 'ਚ ਪਰੋ ਸਕਣਗੇ ਰਾਹੁਲ ਗਾਂਧੀ

ਅਤੇ ਅਖ਼ੀਰ ’ਚ... ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਕਾਰਜਕਾਲ ਦੌਰਾਨ ਸਿਰਸਾ ਹਰ ਸਮੇਂ ਹੈਰਾਨ ਕਰਨ ਵਾਲੇ ਫ਼ੈਸਲੇ ਲੈਣ ਲਈ ਮੰਨੇ ਜਾਂਦੇ ਰਹੇ ਹਨ। ਉਹ ਹਮੇਸ਼ਾ ਮਾਸਟਰ ਸਟ੍ਰੋਕ ਚੱਲਦੇ ਸਨ। ਭਾਵੇਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਕੰਪਲੈਕਸ ’ਚ ਕੋਵਿਡ ਕੇਅਰ ਸੈਂਟਰ ਬਣਾਉਣਾ ਹੋਵੇ ਜਾਂ ਕਸ਼ਮੀਰ ਦੀ ਸਿੱਖ ਕੁੜੀ ਨੂੰ ਦਿੱਲੀ ਲਿਆ ਕੇ ਨੌਕਰੀ ਦੇਣੀ, ਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਤੋਂ ਵਿਰੋਧੀ ਵੀ ਹੈਰਾਨ ਸਨ। ਵਿਰੋਧੀਆਂ ਨੇ ਸਿਰਸਾ ਨੂੰ ਹਟਾਉਣ ਲਈ ਕੇਂਦਰ ਸਰਕਾਰ ਕੋਲ ਕਈ ਵਾਰ ਚੁਗਲੀ ਵੀ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਹੁਣ ਸਿਰਸਾ ਖ਼ੁਦ ਕੇਂਦਰ ਦੀ ਸੱਤਾਧਾਰੀ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ। ਅਚਾਨਕ ਹੋਏ ਸਿਆਸੀ ਘਟਨਾਕ੍ਰਮ ਤੋਂ ਵਿਰੋਧੀ ਨੇਤਾ ਹੈਰਾਨ, ਪ੍ਰੇਸ਼ਾਨ ਹਨ...।

ਨੋਟ : ਮਨਜਿੰਦਰ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ?
 


author

Harnek Seechewal

Content Editor

Related News