ਮਨਜਿੰਦਰ ਸਿਰਸਾ ਵੱਲੋਂ ਅਕਾਲੀ ਦਲ ਨੂੰ ਨਸੀਹਤ ਦੇਣਾ ਬਣਿਆ ਚਰਚਾ ਦਾ ਵਿਸ਼ਾ

12/05/2021 8:01:29 PM

ਲੁਧਿਆਣਾ(ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਤੀ ਨਜ਼ਦੀਕੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਡੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਛੱਡ ਕੇ ਭਾਜਪਾ ’ਚ ਜਾਣ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ’ਤੇ ਚੋਟ ਕਰਦਿਆਂ ਜੋ ਅਕਾਲੀ ਦਲ ਨੂੰ ਨਸੀਹਤਾਂ ਦਿੱਤੀਆਂ ਹਨ, ਉਸ ਤੋਂ ਲੱਗਦਾ ਹੈ ਅਕਾਲੀ ਦਲ ਵਿਚ ਰਹਿੰਦੇ ਹੋਏ ਉਨ੍ਹਾਂ ਦੀਆਂ ਨਸੀਹਤਾਂ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਅਮਲ ਨਹੀਂ ਕੀਤਾ ਹੋਣਾ, ਜਿਸ ਕਾਰਨ ਸਿਰਸਾ ਨੇ ਏਨਾ ਵੱਡਾ ਫੈਸਲਾ ਅਤੇ ਅਕਾਲੀ ਦਲ ’ਤੇ ਬਿਜਲੀ ਸੁੱਟਣ ਵਰਗੀ ਕਾਰਵਾਈ ਕੀਤੀ ਹੈ।

ਸ. ਸਿਰਸਾ ਨੇ ਕਿਹਾ ਕਿ ਮੈਨੂੰ ਭਾਜਪਾ ਧੱਕੇ ਨਾਲ ਜਾਂ ਡਰਾ-ਧਮਕਾ ਕੇ ਨਹੀਂ ਲੈ ਕੇ ਗਈ ਮੈਂ ਆਪਣੀ ਇੱਛਾ ਅਨੁਸਾਰ ਸ਼ਾਮਲ ਹੋਇਆ ਹਾਂ। ਜੇਕਰ ਭਾਜਪਾ ਧੱਕੇ ਨਾਲ ਲੈ ਕੇ ਜਾਣਾ ਚਾਹੁੰਦੀ ਤਾਂ ਉਹ ਦਿੱਲੀ ਦੀ ਕਮੇਟੀ ਵੀ ਲੈ ਕੇ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਵੀ ਟਕਸਾਲੀ ਆਗੂ ਛੱਡ ਕੇ ਜਾ ਚੁੱਕੇ ਹਨ, ਜਿਨ੍ਹਾਂ ਨੇ ਬੇਅਦਬੀ, ਨਸ਼ਾ, ਇਕ ਪਰਿਵਾਰ ’ਤੇ ਕੇਂਦਰਤ ਅਕਾਲੀ ਦਲ ਅਤੇ ਹੋਰ ਕਈ ਦੋਸ਼ ਲਗਾਏ ਹਨ ਪਰ ਮੈਂ ਦੋਸ਼ ਨਹੀਂ ਲਗਾ ਕੇ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਮਸਲੇ ਹੱਲ ਕਰਵਾਉਣ ਦੇ ਸਮਰੱਥ ਨਹੀਂ ਰਹੀ, ਇਸ ਲਈ ਮੈਂ ਵੱਡੀ ਪਾਰਟੀ ਵਿਚ ਜਾ ਕੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਇਹ ਉਡਾਰੀ ਮਾਰੀ ਹੈ। ਸ. ਸਿਰਸਾ ਦੀ ਇਸ ਨਸੀਹਤ ਨੂੰ ਲੈ ਕੇ ਅੱਜ ਵਿਆਹਾਂ-ਸ਼ਾਦੀਆਂ ਅਤੇ ਭੋਗਾਂ-ਸੋਗਾਂ ’ਤੇ ਹਰ ਜ਼ੁਬਾਨ ’ਤੇ ਸਿਰਸਾ ਦੀਆਂ ਨਸੀਹਤ ਦੀਆਂ ਚਰਚਾਵਾਂ ਹੋ ਰਹੀਆਂ ਸਨ।
 


Bharat Thapa

Content Editor

Related News