ਸਰਨਾ ਭਰਾਵਾਂ ਦਾ ਮਕਸਦ ਸਿਰਫ ਦਿੱਲੀ ਕਮੇਟੀ ਨੂੰ ਬਦਨਾਮ ਕਰਨਾ : ਸਿਰਸਾ

07/24/2019 7:15:21 AM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਰਨਾ ਭਰਾਵਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਧਾਰਮਿਕ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਸਰਨਾ ਭਰਾ ਇਕੋ ਹੀ ਮਕਸਦ ਲੈ ਕੇ ਚੱਲ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕੀਤਾ ਜਾਵੇ ਅਤੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾਵੇ। ਬੀਤੇ ਦਿਨ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਦੋਵੇਂ ਭਰਾ ਇਸ ਸਮੇਂ ਉਨ੍ਹਾਂ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ ਪਰ ਸੰਗਤ ਸਭ ਕੁਝ ਜਾਣਦੀ ਹੈ ਅਤੇ ਇਨ੍ਹਾਂ ਦੀਆਂ ਚਾਲਾਂ 'ਚ ਨਹੀਂ ਫਸੇਗੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਪਣੀ ਧਾਰਮਿਕ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਧਰਮ ਪ੍ਰਚਾਰ ਦੇ ਕਾਰਜਾਂ ਵਿਚ ਲੱਗੀ ਹੋਈ ਹੈ ਪਰ ਸਰਨਾ ਭਰਾ ਆਨੇ-ਬਹਾਨੇ ਇਨ੍ਹਾਂ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਲਈ ਹੋਛੀਆਂ ਹਰਕਤਾਂ ਕਰਦੇ ਰਹਿੰਦੇ ਹਨ ਪਰ ਦਿੱਲੀ ਕਮੇਟੀ ਦੀ ਸਮੁੱਚੀ ਟੀਮ ਪੰਥ ਵਿਰੋਧੀ ਤਾਕਤਾਂ ਦੀਆਂ ਹੋਛੀਆਂ ਹਰਕਤਾਂ ਦੀ ਪ੍ਰਵਾਹ ਕੀਤੇ ਬਿਨਾਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਬਿਨਾਂ ਕਿਸੇ ਟਕਰਾਅ ਦੇ ਆਯੋਜਿਤ ਕਰਨ ਲਈ ਵਚਨਬੱਧ ਹੈ। ਇਸ ਸਬੰਧ 'ਚ ਦਿੱਲੀ ਕਮੇਟੀ ਵੱਲੋਂ ਹਰ ਪੱਧਰ 'ਤੇ ਅਗਾਊਂ ਸਰਕਾਰੀ ਪ੍ਰਵਾਨਗੀਆਂ ਹਾਸਲ ਕਰ ਲਈਆਂ ਗਈਆਂ ਹਨ।

ਸਿਰਸਾ ਨੇ ਦੱਸਿਆ ਕਿ 1984 'ਚ ਸਿੱਖਾਂ 'ਤੇ ਵਾਪਰੀ ਭਿਆਨਕ ਤਰਾਸਦੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ 35 ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਹਾਲ ਹੀ 'ਚ ਸੁਪਰੀਮ ਕੋਰਟ ਵਲੋਂ ਬਰੀ ਕੀਤੇ ਗਏ ਕੁਝ ਦੋਸ਼ੀਆਂ ਵਿਰੁੱਧ ਸੁਪਰੀਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ ਅਤੇ ਦਿੱਲੀ ਕਮੇਟੀ ਨੇ ਤਹੱਈਆ ਕੀਤਾ ਹੈ ਕਿ ਜਦ ਤੱਕ ਇਸ ਤ੍ਰਾਸਦੀ ਦੇ ਹਰ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਜਾਂਦੀ, ਤਦ ਤੱਕ ਚੈਨ ਨਾਲ ਨਹੀਂ ਬੈਠਣਗੇ।

ਦਿੱਲੀ ਵਿਖੇ ਸਥਾਪਤ ਕੀਤਾ ਜਾ ਰਿਹੈ ਗੁਰੂ ਨਾਨਕ ਬਾਗ
ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਮਨੁੱਖੀ ਜ਼ਿੰਦਗੀ ਸਬੰਧੀ ਅਪਣਾਏ ਫਲਸਫੇ 'ਵੰਡ ਛਕੋ, ਕਿਰਤ ਕਰੋ, ਨਾਮ ਜਪੋ' 'ਤੇ ਆਧਾਰਤ ਇਕ ਚਾਰ ਸਫਿਆਂ ਦਾ ਟਰੈਕਟ ਜਾਰੀ ਕੀਤਾ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸਾਫ ਰੱਖਣ ਲਈ ਦਿੱਲੀ ਕਮੇਟੀ ਵੱਲੋਂ 550 ਸਾਲਾ ਸਮਾਗਮਾਂ ਨੂੰ ਸਮਰਪਿਤ ਗੁਰੂ ਨਾਨਕ ਬਾਗ ਦਿੱਲੀ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰ ਤਰ੍ਹਾਂ ਦੇ ਅਣਗਿਣਤ ਰੁੱਖ ਲਾਏ ਜਾਣਗੇ।
ਸਿਰਸਾ ਨੇ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਕਲ ਤਕ ਇਕ-ਦੂਜੇ ਦੇ ਜਾਨੀ ਦੁਸ਼ਮਣ ਰਹੇ ਮਨਜੀਤ ਸਿੰਘ ਜੀ. ਕੇ. ਤੇ ਸਰਨਾ ਭਰਾ ਅੱਜ ਇਕ-ਦੂਜੇ ਨੂੰ ਗਲਵਕੜੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਵਲੋਂ ਕੀਤੀਆਂ ਅਣ-ਉਚਿਤ ਕਾਰਵਾਈਆਂ 'ਤੇ ਪਰਦਾ ਨਹੀਂ ਪਵੇਗਾ। ਇਸ ਮੌਕੇ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ, ਪਰਮਜੀਤ ਸਿੰਘ ਝੰਡੋਕ, ਜਤਿੰਦਰ ਪਾਲ ਸਿੰਘ ਗੋਲਡੀ ਕਨਵੀਨੀਅਰ ਧਰਮ ਪ੍ਰਚਾਰ ਕਮੇਟੀ, ਸੁਖਮਿੰਦਰ ਸਿੰਘ ਰਾਜਪਾਲ ਮੀਡੀਆ ਸਲਾਹਕਾਰ ਦਿੱਲੀ ਕਮੇਟੀ, ਇਕਬਾਲ ਸਿੰਘ ਢੀਂਡਸਾ, ਰਮਿੰਦਰ ਸਿੰਘ, ਇੰਦਰਜੀਤ ਸਿੰਘ ਸੋਨੂੰ ਤੇ ਨਿਰਵੈਰ ਸਿੰਘ ਸਾਜਨ ਆਦਿ ਹਾਜ਼ਰ ਸਨ।

ਨਗਰ ਕੀਰਤਨ ਅਤੇ ਹੋਰ ਪ੍ਰੋਗਰਾਮਾਂ ਦਾ ਵੇਰਵਾ
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਜਾ ਰਹੇ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਪਹਿਲਾ ਪੜਾਅ ਕਰਨਾਲ ਵਿਖੇ ਹੋਵੇਗਾ, 14 ਅਕਤੂਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਰਾਮ, 15 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੇ 16 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਪੁੱਜੇਗਾ। ਇਸੇ ਤਰ੍ਹਾਂ 17 ਅਕਤੂਬਰ ਨੂੰ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ, ਜਿੱਥੇ ਸ਼ਾਮ ਨੂੰ ਦੀਵਾਨ ਸਜਣਗੇ। 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਕਮੇਟੀ ਵਲੋਂ ਉਲੀਕੇ ਗਏ ਸਮਾਗਮਾਂ ਦਾ ਵੇਰਵਾ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਵੱਡੇ ਪੱਧਰ 'ਤੇ 14 ਅਗਸਤ ਨੂੰ ਖੂਨਦਾਨ ਕੈਂਪ ਗੁਰਦੁਆਰਾ ਰਕਾਬਗੰਜ ਵਿਖੇ ਲਾਇਆ ਜਾ ਰਿਹਾ ਹੈ। ਪਾਠ ਬੋਧ ਸਮਾਗਮ ਗੁਰਦੁਆਰਾ ਗੁਰੂ ਨਾਨਕ ਪਿਆਓ ਸਾਹਿਬ ਵਿਖੇ 15 ਅਗਸਤ ਤੋਂ 15 ਸਤੰਬਰ ਤਕ ਹੋਵੇਗਾ। ਇਸੇ ਤਰ੍ਹਾਂ ਆਲੌਕਿਕ ਸਮਾਗਮ ਆਈ. ਜੀ. ਆਈ. ਸਟੇਡੀਅਮ 'ਚ 1 ਸਤੰਬਰ ਨੂੰ ਕੀਰਤਨ ਪ੍ਰੋਗਰਾਮ ਤੇ ਲੇਜ਼ਰ ਸ਼ੋਅ ਹੋਵੇਗਾ, ਜਿਸ 'ਚ 1100 ਵਿਦਿਆਰਥੀ ਸਮੂਹਿਕ ਰੂਪ ਵਿਚ ਕੀਰਤਨ ਕਰਨਗੇ। 21 ਸਤੰਬਰ ਨੂੰ ਰਾਗਾਂ 'ਤੇ ਆਧਾਰਿਤ ਅਤੇ ਤੰਤੀ ਸਾਜ਼ਾਂ ਨਾਲ ਰਾਗ ਦਰਬਾਰ ਹੋਵੇਗਾ। 23 ਸਤੰਬਰ ਨੂੰ 11 ਹਜ਼ਾਰ ਬੱਚਿਆਂ ਵਲੋਂ ਇੰਡੀਆ ਗੇਟ ਵਿਖੇ ਮਨੁੱਖੀ ਲੜੀ ਬਣਾ ਕੇ ਹੱਥਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਫੜੇ ਹੋਣਗੇ। 18 ਅਕਤੂਬਰ ਨੂੰ ਸੈਂਟਰ ਪਾਰਕ ਕਨਾਟ ਪਲੇਸ ਵਿਖੇ ਇਕ ਮਹਾਨ ਕਵੀ ਦਰਬਾਰ ਹੋਵੇਗਾ, ਜਿਸ 'ਚ ਪਾਕਿਸਤਾਨ ਤੋਂ ਵੀ ਕਵੀ ਸਾਹਿਬਾਨ ਹਾਜ਼ਰੀ ਭਰਨਗੇ। ਇਸੇ ਤਰ੍ਹਾਂ 12 ਨਵੰਬਰ ਤੱਕ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸਮਾਗਮ ਹੋਣਗੇ।


shivani attri

Content Editor

Related News