''ਜਾਗੋ'' ਦਾ ਸਿਰਸਾ ਦੇ ਬਿਆਨ ''ਤੇ ਪਲਟਵਾਰ, ਅਹਿਮ ਨੂੰ ਲੱਗੀ ਚੋਟ ਨੇ ਸਿਰਸਾ ਨੂੰ ਹਤਾਸ਼ ਕੀਤਾ

01/28/2020 3:22:06 PM

ਜਲੰਧਰ (ਚਾਵਲਾ) : ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ 15 ਫਰਵਰੀ ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਦਿੱਲੀ ਕਮੇਟੀ ਮੈਂਬਰ ਦੇ ਤੌਰ 'ਤੇ ਮੈਂਬਰੀ ਖਤਮ ਕਰਨ ਸਬੰਧੀ ਜਾਰੀ ਕੀਤੇ ਗਏ ਬਿਆਨ ਨੂੰ 'ਜਾਗੋ' ਪਾਰਟੀ ਨੇ ਚਾਲਬਾਜ਼ੀ ਅਤੇ ਭਾਜਪਾ ਤੋਂ ਗੱਠਜੋੜ ਟੁੱਟਣ ਦੀ ਹਤਾਸ਼ਾ ਕਰਾਰ ਦਿੱਤਾ। 'ਜਾਗੋ' ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਿਰਸਾ ਤੋਂ ਸਵਾਲ ਪੁੱਛਿਆ ਹੈ ਕਿ ਕੀ ਜੀ. ਕੇ. ਨੂੰ ਕਿਸ ਕੋਰਟ ਨੇ ਦੋਸ਼ੀ ਮੰਨਿਆ ਹੈ? ਕਿੰਨੇ ਰੁਪਏ ਗਬਨ ਕਰਨ ਦੇ ਦੋਸ਼ ਲੱਗੇ ਹਨ? ਕੋਰਟ 'ਚ ਦੋਸ਼ੀ ਨਾ ਸਾਬਤ ਹੋਣ ਦੇ ਬਾਵਜੂਦ ਦਿੱਲੀ ਕਮੇਟੀ ਐਕਟ ਦੇ ਕਿਸ ਮੱਦ 'ਚ ਮੈਂਬਰੀ ਰੱਦ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸਿਰਸਾ ਇਸ ਵਾਰ ਆਪਣੇ ਵਿਧਾਇਕ ਨਾ ਬਣਨ ਦਾ ਮੁੱਖ ਕਾਰਨ ਜੀ. ਕੇ. ਨੂੰ ਮੰਨਦੇ ਹਨ, ਇਹੀ ਕਾਰਨ ਹੈ ਕਿ ਹੁਣ ਉਨ੍ਹਾਂ ਨੂੰ ਕਮੇਟੀ ਦੀ ਆਪਣੀ ਪ੍ਰਧਾਨਗੀ ਦੀ ਕੁਰਸੀ ਹਿਲਦੀ ਹੋਈ ਦਿਸ ਰਹੀ ਹੈ ਅਤੇ ਇਸੇ ਡਰ ਕਰ ਕੇ ਬਚਕਾਨਾ ਹਰਕਤ ਕਰਨ 'ਤੇ ਸਿਰਸਾ ਮਜਬੂਰ ਹੋ ਗਏ ਹਨ। ਪਰਮਿੰਦਰ ਨੇ ਕਿਹਾ ਕਿ ਸਾਡੀ ਹਮਦਰਦੀ ਸਿਰਸਾ ਦੇ ਨਾਲ ਹੈ ਕਿਉਂਕਿ ਉਨ੍ਹਾਂ ਦੀ ਨਫਰਤੀ ਅਤੇ ਬਦਲਾਖੋਰੀ ਦੀ ਸਿਆਸਤ ਨੇ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਸ ਨੇ ਸਿਰਸਾ ਦਾ ਅਹਿਮ ਅਤੇ ਵਹਿਮ ਦੋਵੇਂ ਦੂਰ ਕਰ ਦਿੱਤੇ ਹਨ। ਉਨ੍ਹਾਂ ਸਿਰਸਾ ਨੂੰ ਸਵਾਲ ਕੀਤਾ ਕਿ ਗੈਰ-ਸੰਵਿਧਾਨਿਕ ਤਰੀਕੇ ਨਾਲ ਜਿਸ ਮਕਸਦ ਨਾਲ ਉਹ ਜੀ.ਕੇ. ਦੀ ਮੈਂਬਰੀ ਰੱਦ ਕਰਨ ਦੀ ਸਾਜ਼ਿਸ਼ ਕਰ ਰਹੇ ਹਨ, ਕੀ ਉਸੇ ਮਕਸਦ ਨਾਲ ਉਹ ਆਪਣੀ ਅਤੇ ਗੁਰਮੀਤ ਸਿੰਘ ਸ਼ੰਟੀ ਦੀ ਮੈਂਬਰੀ ਰੱਦ ਕਰਨਗੇ? ਜਦੋਂਕਿ ਇਹ ਕਾਰਜ ਗੈਰ ਵਿਵਹਾਰਿਕ ਅਤੇ ਮਾੜੀ ਨੀਅਤ ਨਾਲ ਲਿਆ ਅਤੇ ਸਮੇਂ ਤੋਂ ਪਹਿਲਾਂ ਟਰੇਨ ਫੜਨ ਦੀ ਇੱਛਾ ਹੈ, ਕਿਉਂਕਿ ਤਿੰਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਮਾਮਲੇ ਵਿਚ ਅਦਾਲਤੀ ਕਾਰਵਾਈ ਅਜੇ ਚੱਲ ਰਹੀ ਹੈ। ਪਰਮਿੰਦਰ ਨੇ ਸਿਰਸਾ ਨੂੰ ਆਤਮ ਚਿੰਤਨ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅੱਜ ਸਿਰਸਾ ਦੇ ਸਾਰੇ ਸਾਥੀ ਇਕ-ਇਕ ਕਰ ਕੇ ਭੱਜ ਰਹੇ ਹਨ, ਜੋ ਕਿ ਕੇਵਲ ਸੱਚ ਨੂੰ ਛੱਡ ਕੇ ਸੱਤਾ ਲਈ ਇਨ੍ਹਾਂ ਨਾਲ ਚਿਪਕੇ ਸਨ।


Anuradha

Content Editor

Related News